ਜੇਐੱਨਐੱਨ, ਨਵੀਂ ਦਿੱਲੀ : ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ 'ਚ ਬੰਗਲਾਦੇਸ਼ ਤੋਂ ਪਿੱਛੇ ਪੈਣ ਤੋਂ ਬਾਅਦ ਹੁਣ ਕੌਮਾਂਤਰੀ ਭੁੱਖ ਸੂਚਕਅੰਕ (ਜੀਐੱਚਆਈ) 'ਚ ਭਾਰਤੀ ਦੀ ਰੈਂਕਿੰਗ ਬਾਰੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ।

ਰਾਹੁਲ ਨੇ ਟਵੀਟ ਕਰ ਕੇ ਕਿਹਾ ਕਿ ਸਰਕਾਰ ਕੁਝ ਲੋਕਾਂ ਲਈ ਕੰਮ ਕਰ ਰਹੀ ਹੈ, ਇਸ ਲਈ ਦੇਸ਼ ਦਾ ਗ਼ਰੀਬ ਭੁੱਖਾ ਹੈ। ਸਰਕਾਰ ਸਿਰਫ ਆਪਣੇ ਕੁਝ ਖ਼ਾਸ ਦੋਸਤਾਂ ਦੀ ਜੇਬ ਭਰਨ 'ਚ ਲੱਗੀ ਹੈ। ਰਾਹੁਲ ਲਗਾਤਾਰ ਸਰਕਾਰ 'ਤੇ ਦੇਸ਼ ਦੇ ਸਮਾਜਿਕ ਤੇ ਆਰਥਿਕ ਏਜੰਡੇ ਨੂੰ ਪਹਿਲ ਦੇਣ ਦੀ ਬਜਾਏ ਫਿਰਕੂ ਤਣਾਅ ਤੇ ਨਫਰਤ ਦੀ ਸਿਆਸਤ ਨੂੰ ਤਵੱਜੋ ਦੇਣ ਦਾ ਦੋਸ਼ ਲਗਾਉਂਦੇ ਰਹੇ ਹਨ।

ਆਰਥਿਕ ਵਿਕਾਸ ਦੀ ਕਸੌਟੀ 'ਤੇ ਬੰਗਲਾਦੇਸ਼ ਦੀ ਤੇਜ਼ ਹੋਈ ਰਫ਼ਤਾਰ ਦੇ ਮੱਦੇਨਜ਼ਰ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ 'ਚ ਉਸ ਦੇ ਅਗਲੇ ਸਾਲ ਭਰਤ ਤੋਂ ਅੱਗੇ ਨਿਕਲ ਜਾਣ ਦੀ ਰਿਪੋਰਟ ਬਾਰੇ ਵੀ ਰਾਹੁਲ ਨੇ ਮੋਦੀ ਸਰਕਾਰ ਨੂੰ ਘੇਰਿਆ ਸੀ।

ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਜਪਾ ਸਰਕਾਰ ਦੀ ਛੇ ਸਾਲਾਂ ਦੇ ਨਫਰਤ ਨਾਲ ਭਰੇ ਸੱਭਿਆਚਾਰਕ ਰਾਸ਼ਟਰਵਾਦ ਦੀ ਇਹ ਠੋਸ ਉਪਲਬਧੀ ਹੈ ਕਿ ਬੰਗਲਾਦੇਸ਼ ਵੀ ਭਾਰਤ ਨੂੰ ਪਿੱਛੇ ਛੱਡਣ ਲਈ ਤਿਆਰ ਹੈ।