ਨਵੀਂ ਦਿੱਲੀ, ਜੇਐੱਨਐੱਨ। ਸਵਦੇਸ਼ੀ ਲੜਾਕੂ ਜਹਾਜ਼ ਤੇਜਸ 'ਚ ਉੱਚੀ ਉਡਾਨ ਭਰਨ ਤੋਂ ਬਾਅਦ ਹੁਣ ਰੱਖਿਆ ਮੰਤਰੀ ਰਾਜਨਾਥ ਸਿੰਘ 8 ਅਕਤੂਬਰ ਨੂੰ ਫ਼ਰਾਂਸੀਸੀ ਲੜਾਕੂ ਜਹਾਜ਼ ਰਾਫੇਲ 'ਚ ਉਡਾਨ ਭਰਨਗੇ। ਦੁਸਹਿਰੇ ਮੌਕੇ ਜਦੋਂ ਭਾਰਤੀ ਹਵਾਈ ਫ਼ੌਜ ਆਪਣੇ ਸਥਾਪਨਾ ਦਿਵਸ ਦੇ ਸਮਾਗਮ 'ਚ ਰੁੱਝੀ ਹੋਵੇਗੀ ਉਦੋਂ ਫ਼ਰਾਂਸ 'ਚ ਇਕ ਸ਼ਾਨਦਾਰ ਪ੍ਰੋਗਰਾਮ 'ਚ ਸਿੰਘ ਦੀ ਮੌਜੂਦਗੀ 'ਚ ਫ਼ਰਾਂਸ ਭਾਰਤ ਨੂੰ ਪਹਿਲਾ ਰਾਫੇਲ ਜਹਾਜ਼ ਸੌਂਪੇਗਾ।


ਸਾਲ 2016 'ਚ ਭਾਰਤੀ ਹਵਾਈ ਫ਼ੌਜ ਨੂੰ ਤੇਜਸ ਲਾਈਟ ਕੋਮਬੈਟ ਏਅਰਕ੍ਰਾਫ਼ਟ ਮਿਲਣ ਤੋਂ ਬਾਅਦ ਇਹ ਪਹਿਲਾ ਵੱਡਾ ਮੌਕਾ ਹੋਵੇਗਾ ਜਦੋਂ ਹਵਾਈ ਫ਼ੌਜ ਦੇ ਬੇੜੇ 'ਚ ਨਵਾਂ ਲੜਾਕੂ ਜਹਾਜ਼ ਸ਼ਾਮਲ ਕੀਤਾ ਜਾ ਰਿਹਾ ਹੈ। ਭਾਰਤ ਨੂੰ ਮਿਲਣ ਵਾਲੇ 36 ਜਹਾਜ਼ਾਂ ਦੀ ਡੀਲ 'ਚੋਂ ਪਹਿਲੇ ਚਾਰ ਅੰਬਾਲਾ 'ਚ ਅਗਲੇ ਸਾਲ ਮਈ 'ਚ ਸੌਂਪੇ ਜਾਣਗੇ। ਇਹ ਡੀਲ ਸਤੰਬਰ 2016 'ਚ ਹੋਈ ਸੀ। ਫ਼ਰਾਂਸ 'ਚ ਹੋਣ ਵਾਲੇ ਪ੍ਰੋਗਰਾਮ 'ਚ ਦੋਵਾਂਦੇਸ਼ਾਂ ਦੇ ਰੱਖਿਆ ਮੰਤਰੀ ਤੇ ਰੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ। ਦੱਸਣਾ ਬਣਦਾ ਹੈ ਕਿ 2022 ਤਕ ਡੀਲ ਦੇ ਸਾਰੇ 36 ਰਾਫੇਲ ਜਹਾਜ਼ ਭਾਰਤੀ ਹਵਾਈ ਫ਼ੌਜ 'ਚ ਸ਼ਾਮਲ ਹੋ ਜਾਣਗੇ।

Posted By: Akash Deep