ਜੇਐੱਨਐੱਨ, ਨਵੀਂ ਦਿੱਲੀ : ਰਾਜਧਾਨੀ 'ਚ ਛੱਤਰਪੁਰ ਦੇ ਭਾਟੀ ਮਾਇਨਜ਼ ਸਥਿਤ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਕੰਪਲੈਕਸ 'ਚ ਦੇਸ਼ ਦਾ ਸਭ ਤੋਂ ਵੱਡਾ ਦਸ ਹਜ਼ਾਰ ਬਿਸਤਰਿਆਂ ਦੀ ਸਮਰੱਥਾ ਵਾਲਾ ਸਰਦਾਰ ਪਟੇਲ ਕੋਵਿਡ ਕੇਅਰ ਸੈਂਟਰ ਤੇ ਹਸਪਤਾਲ ਐਤਵਾਰ ਨੂੰ ਸ਼ੁਰੂ ਹੋ ਗਿਆ। ਇਸ ਮੌਕੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਦਲ ਨੇ ਸੈਂਟਰ ਦਾ ਦੌਰਾ ਕੀਤਾ। ਦੱਖਣੀ ਜ਼ਿਲ੍ਹੇ ਦੇ ਜ਼ਿਲ੍ਹਾ ਅਧਿਕਾਰੀ ਬੀਐੱਮ ਮਿਸ਼ਰਾ ਨੇ ਦੱਸਿਆ ਕਿ ਪਹਿਲੇ ਦਿਨ ਕੋਵਿਡ ਕੇਅਰ ਸੈਂਟਰ ਵਿਚ 21 ਮਰੀਜ਼ ਦਾਖ਼ਲ ਕੀਤੇ ਗਏ। ਇਸ ਹਸਪਤਾਲ ਨੂੰ ਦਸ ਦਿਨ ਦੇ ਰਿਕਾਰਡ ਸਮੇਂ ਵਿਚ ਬਣਾਇਆ ਗਿਆ ਹੈ। ਹਸਪਤਾਲ 'ਚ 10 ਫ਼ੀਸਦੀ ਬਿਸਤਰਿਆਂ 'ਤੇ ਆਕਸੀਜਨ ਦੀ ਸਹੂਲਤ ਉਪਲਬਧ ਹੋਵੇਗੀ। ਇੱਥੇ ਹਲਕੇ ਲੱਛਣ ਵਾਲੇ ਕੋਰੋਨਾ ਇਨਫੈਕਟਿਡ ਮਰੀਜ਼ਾਂ ਲਈ ਆਈਸੋਲੇਸ਼ਨ ਸੈਂਟਰ ਦਾ ਵੀ ਪ੍ਰਬੰਧ ਹੈ। ਜੇ ਮਰੀਜ਼ ਨੂੰ ਸਾਹ ਲੈਣ ਵਿਚ ਗੰਭੀਰ ਸਮੱਸਿਆ ਹੋਵੇਗੀ ਤਾਂ ਉਸ ਨੂੰ ਲੋਕਨਾਇਕ ਤੇ ਰਾਜੀਵ ਗਾਂਧੀ ਸੁਪਰ ਸਪੈਸ਼ਿਲਿਟੀ ਹਸਪਤਾਲ ਭੇਜਿਆ ਜਾਵੇਗਾ। ਕੋਵਿਡ ਕੇਅਰ ਸੈਂਟਰ ਨੂੰ ਦੀਨ ਦਿਆਲ ਉਪਾਧਿਆਏ ਹਸਪਤਾਲ ਤੇ ਮਦਨ ਮੋਹਨ ਮਾਲਵੀਆ ਹਸਪਤਾਲ ਨਾਲ ਜੋੜਿਆ ਗਿਆ ਹੈ। ਇੱਥੇ ਭਾਰਤ-ਤਿੱਬਤ ਸੀਮਾ ਪੁਲਿਸ (ਆਈਟੀਬੀਪੀ) ਦੇ 170 ਡਾਕਟਰ ਤੇ 700 ਤੋਂ ਜ਼ਿਆਦਾ ਨਰਸਾਂ ਤੇ ਪੈਰਾ ਮੈਡੀਕਲ ਸਟਾਫ ਪਹਿਲਾਂ ਹੀ ਤਾਇਨਾਤ ਹੈ। ਦੋ ਹਜ਼ਾਰ ਬਿਸਤਰਿਆਂ 'ਤੇ ਸਹੂਲਤ ਮੁਹਈਆ ਕਰਵਾਉਣ ਦੀ ਜ਼ਿੰਮੇਵਾਰੀ ਵੀ ਆਈਟੀਬੀਪੀ 'ਤੇ ਹੈ।

ਕਈ ਸੰਸਥਾਵਾਂ ਦਾ ਸਹਿਯੋਗ

ਕੋਵਿਡ ਕੇਅਰ ਸੈਂਟਰ ਤੇ ਹਸਪਤਾਲ ਦੇ ਬੁਨਿਆਦੀ ਢਾਂਚੇ ਲਈ ਜ਼ਿਆਦਾਤਰ ਦਾਨ ਵੱਖ-ਵੱਖ ਸਮਾਜਿਕ ਜਮਾਤਾਂ ਵੱਲੋਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਸਪਤਾਲ ਵਿਚ ਵਾਈ-ਫਾਈ ਨੈੱਟਵਰਕਿੰਗ ਨੂੰ ਇੰਡਸ ਟਾਵਰ ਲਿਮ. ਵੱਲੋਂ ਲੁਆਇਆ ਗਿਆ ਹੈ। ਇੱਥੇ ਲਾਇਬ੍ਰੇਰੀ, ਬੋਰਡ ਗੇਮਜ਼, ਕੁੱਦਣ ਵਾਲੀਆਂ ਰੱਸੀਆਂ ਆਦਿ ਨਾਲ ਰੋਗੀਆਂ ਲਈ ਇਕ ਮਨੋਰੰਜਕ ਕੇਂਦਰ ਵੀ ਉਪਲਬਧ ਹੈ। ਮਰੀਜ਼ਾਂ ਨੂੰ ਭੋਜਨ ਦੇ ਨਾਲ-ਨਾਲ ਚਵਨਪ੍ਰਰਾਸ਼, ਜੂਸ, ਗਰਮ ਕਾਹੜਾ ਆਦਿ ਦਿੱਤਾ ਜਾਵੇਗਾ।