ਨਈ ਦੁਨੀਆ, ਗਵਾਲੀਅਰ : ਮੱਧ ਪ੍ਰਦੇਸ਼ 'ਚ ਗਵਾਲੀਅਰ ਦੇ ਫੂਲਬਾਗ਼ ਸਥਿਤ ਗੋਪਾਲ ਮੰਦਰ ਵਿਚ ਜਨਮ ਅਸ਼ਟਮੀ ਸ਼ੁੱਕਰਵਾਰ ਨੂੰ ਧੂਮਧਾਮ ਨਾਲ ਮਨਾਈ ਗਈ। ਦੁਪਹਿਰ 12 ਵਜੇ 50 ਕਰੋੜ 11 ਲੱਖ ਰੁਪਏ ਦੀ ਕੀਮਤ ਦੇ ਗਹਿਣਿਆਂ ਨਾਲ ਰਾਧਾ-ਕ੍ਰਿਸ਼ਨ ਦਾ ਸ਼ਿੰਗਾਰ ਕੀਤਾ ਗਿਆ। ਇਹ ਗਹਿਣੇ ਸਿੰਧੀਆ ਰਾਜਘਰਾਣੇ ਨੇ 150 ਸਾਲ ਪੁਰਾਣੇ ਇਸ ਮੰਦਰ ਨੂੰ ਦਾਨ ਦਿੱਤੇ ਸਨ। ਇਸ ਤੋਂ ਬਾਅਦ ਹਰ ਸਾਲ ਜਨਮ ਅਸ਼ਟਮੀ 'ਤੇ ਇਕ ਦਿਨ ਲਈ ਬੈਂਕ ਦੇ ਲਾਕਰ ਤੋਂ ਕੱਢ ਕੇ ਇਨ੍ਹਾਂ ਗਹਿਣਿਆਂ ਨਾਲ ਸ਼ਿੰਗਾਰ ਕੀਤਾ ਜਾਂਦਾ ਹੈ।

ਗਹਿਣਿਆਂ ਦੀ ਸੁਰੱਖਿਆ ਲਈ ਦਿਨ ਭਰ ਮੰਦਰ ਕੰਪਲੈਕਸ ਵਿਚ ਤਿੰਨ ਪੱਧਰੀ ਸੁਰੱਖਿਆ ਵਿਵਸਥਾ ਕੀਤੀ ਗਈ। ਰਾਤ 12 ਵਜੇ ਭਗਵਾਨ ਸ੍ਰੀਕ੍ਰਿਸ਼ਨ ਦੇ ਜਨਮ ਤੋਂ ਬਾਅਦ ਇਨ੍ਹਾਂ ਗਹਿਣਿਆਂ ਨੂੰ ਖਜ਼ਾਨਾ ਘਰ ਵਿਚ ਜਮ੍ਹਾਂ ਕਰਵਾ ਦਿੱਤਾ ਜਾਂਦਾ ਹੈ। ਗਹਿਣਿਆਂ ਦੀ ਨਿਗਰਾਨੀ ਲਈ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ। ਜ਼ਿਕਰਯੋਗ ਹੈ ਕਿ ਭਗਵਾਨ ਦੇ ਇਨ੍ਹਾਂ ਗਹਿਣਿਆਂ ਨੂੰ ਬੈਂਕ ਦੇ ਲਾਕਰ 'ਚ ਰੱਖਿਆ ਜਾਂਦਾ ਹੈ। ਜਨਮ ਅਸ਼ਟਮੀ ਤੋਂ ਪਹਿਲਾਂ ਇਹ ਸਾਰੇ ਗਹਿਣੇ ਸੰਦੂਕ ਵਿਚ ਰੱਖ ਕੇ ਭਾਰੀ ਪੁਲਿਸ ਸੁਰੱਖਿਆ ਵਿਚ ਮੰਦਰ ਤਕ ਪਹੁੰਚਾਏ ਗਏ।