ਜੇਐੱਨਐੱਨ, ਉਦੈਪੁਰ : ਉਦੈਪੁਰ ਕਤਲ ਕਾਂਡ ਵਿੱਚ ਨਿੱਤ ਨਵੇਂ ਵਿਵਾਦ ਸਾਹਮਣੇ ਆ ਰਹੇ ਹਨ। ਹੁਣ ਕਨ੍ਹਈਲਾਲ ਦਰਜ਼ੀ ਦੇ ਬੇਰਹਿਮੀ ਨਾਲ ਕਤਲ ਵਿੱਚ ਸ਼ਾਮਲ ਮੁਲਜ਼ਮ ਮੁਹੰਮਦ ਰਿਆਜ਼ ਅਟਾਰੀ ਦੇ ਸਿਆਸੀ ਸਬੰਧਾਂ ਦਾ ਪਤਾ ਲੱਗਾ ਹੈ। ਉਨ੍ਹਾਂ ਦੀਆਂ ਭਾਜਪਾ ਦੇ ਘੱਟ ਗਿਣਤੀ ਮੋਰਚਿਆਂ ਦੇ ਕਈ ਨੇਤਾਵਾਂ ਨਾਲ ਫੋਟੋਆਂ ਹਨ, ਜਦਕਿ ਰਿਆਜ਼ ਮੁਹੰਮਦ ਭਾਜਪਾ ਦੇ ਦਿੱਗਜ ਨੇਤਾ ਅਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਗੁਲਾਬਚੰਦ ਕਟਾਰੀਆ ਨਾਲ ਵੀ ਨਜ਼ਰ ਆ ਰਹੇ ਹਨ। ਭਾਜਪਾ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਸ ਨੂੰ ਲੈ ਕੇ ਰਾਜਸਥਾਨ 'ਚ ਭਾਜਪਾ ਅਤੇ ਕਾਂਗਰਸ ਆਹਮੋ-ਸਾਹਮਣੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਕਨ੍ਹਈਆਲਾਲ ਦਰਜ਼ੀ ਦੇ ਕਾਤਲ ਰਿਆਜ਼ ਦੀ ਫੋਟੋ ਸਾਲ 2018 ਦੀ ਹੈ। ਇਸ ਤੋਂ ਇਲਾਵਾ ਉਦੈਪੁਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸ਼੍ਰੀਮਾਲੀ ਨਾਲ ਵੀ ਉਨ੍ਹਾਂ ਦੀ ਫੋਟੋ ਸਾਹਮਣੇ ਆਈ ਹੈ, ਜਿਸ 'ਚ ਉਹ ਰਿਆਜ਼ ਨਾਲ ਮਾਲਾ ਪਾਉਂਦੇ ਨਜ਼ਰ ਆ ਰਹੇ ਹਨ। ਇਸ ਮਾਮਲੇ ਵਿੱਚ ਰਵਿੰਦਰ ਸ਼੍ਰੀਮਾਲੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਰਿਆਜ਼ ਨਾਲ ਕੋਈ ਸਬੰਧ ਨਹੀਂ ਹੈ ਅਤੇ ਪਾਰਟੀ ਦਾ ਵੀ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ।

ਇੱਥੇ ਭਾਜਪਾ ਘੱਟ ਗਿਣਤੀ ਮੋਰਚਾ ਨਾਲ ਜੁੜੇ ਇੱਕ ਵਰਕਰ ਨਾਲ ਰਿਆਜ਼ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ਵਿੱਚ ਰਿਆਜ਼ ਨੂੰ ਭਾਜਪਾ ਦਾ ਵਰਕਰ ਦੱਸਿਆ ਗਿਆ ਹੈ। ਇਸੇ ਤਰ੍ਹਾਂ, ਰਿਆਜ਼ ਭਾਜਪਾ ਘੱਟ ਗਿਣਤੀ ਮੋਰਚਾ ਨਾਲ ਜੁੜੇ ਇਰਸ਼ਾਦ ਚੈਨਵਾਲਾ ਅਤੇ ਕਾਰਕੁਨ ਮੁਹੰਮਦ ਤਾਹਿਰ ਦੁਆਰਾ 2019 ਵਿੱਚ ਕੀਤੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਵੀ ਦਿਖਾਈ ਦੇ ਰਿਹਾ ਹੈ। ਜਿਸ ਵਿੱਚ ਇਰਸ਼ਾਦ ਚੈਨਵਾਲਾ ਕਨ੍ਹਈਲਾਲ ਦੇ ਕਾਤਲ ਰਿਆਜ਼ ਨੂੰ ਮਾਲਾ ਪਹਿਨਾ ਰਿਹਾ ਹੈ।

ਹਾਲਾਂਕਿ ਹੁਣ ਇਰਸ਼ਾਦ ਚੈਨਵਾਲਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਉਮਰਾਹ ਯਾਨੀ ਮੱਕਾ ਮਦੀਨਾ ਤੋਂ ਵਾਪਸ ਆਏ ਹਨ, ਇਸ ਲਈ ਉਨ੍ਹਾਂ ਦਾ ਸਵਾਗਤ ਕੀਤਾ ਹੈ। ਚੈਨਵਾਲਾ ਅਨੁਸਾਰ ਰਿਆਜ਼ ਦੀ ਜਾਣ-ਪਛਾਣ ਮੁਹੰਮਦ ਤਾਹਿਰ ਨੇ ਕਰਵਾਈ ਸੀ। ਉਸ ਨੇ ਦੱਸਿਆ ਕਿ ਤਾਹਿਰ ਭਾਜਪਾ ਨਾਲ ਜੁੜੇ ਹੋਏ ਹਨ।ਨਵੰਬਰ 2019 ਵਿੱਚ ਵੀ ਤਾਹਿਰ ਨੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਰਿਆਜ਼ ਲਈ ਲਿਖਿਆ ਸੀ- 'ਹਰ ਦਿਲ ਅਜ਼ੀਜ਼, ਸਾਡਾ ਭਰਾ ਰਿਆਜ਼ ਅਟਾਰੀ ਭਾਜਪਾ ਵਰਕਰ'।

ਇਸੇ ਤਰ੍ਹਾਂ ਤਾਹਿਰ ਦੇ ਫੇਸਬੁੱਕ ਅਕਾਊਂਟ ਤੋਂ 25 ਨਵੰਬਰ 2019 ਨੂੰ ਇੱਕ ਪੋਸਟ ਵੀ ਪਾਈ ਗਈ ਸੀ, ਜਿਸ ਵਿੱਚ ਰਿਆਜ਼ ਅਟਾਰੀ ਨਾਂ ਦੇ ਫੇਸਬੁੱਕ ਖਾਤੇ ਦਾ ਜ਼ਿਕਰ ਕੀਤਾ ਗਿਆ ਸੀ, ਜੋ ਹੁਣ ਗਾਇਬ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਨ੍ਹਈਲਾਲ ਦੀ ਹੱਤਿਆ ਤੋਂ ਬਾਅਦ ਉਸ ਨੇ ਆਪਣਾ ਅਕਾਊਂਟ ਡਿਲੀਟ ਕਰ ਦਿੱਤਾ ਸੀ।

ਕਟਾਰੀਆ ਦਾ ਕਹਿਣਾ ਹੈ ਕਿ ਜੇਕਰ ਕੋਈ ਭਾਜਪਾ 'ਚ ਸ਼ਾਮਲ ਹੁੰਦਾ ਹੈ ਤਾਂ ਉਸ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ

ਕਨ੍ਹਈਆਲਾਲ ਦੇ ਕਤਲ ਦੇ ਦੋਸ਼ੀ ਰਿਆਜ਼ ਨਾਲ ਫੋਟੋ ਸਾਹਮਣੇ ਆਉਣ 'ਤੇ ਵਿਰੋਧੀ ਧਿਰ ਦੇ ਨੇਤਾ ਗੁਲਾਬਚੰਦ ਕਟਾਰੀਆ ਨੇ ਕਿਹਾ ਕਿ ਸ਼ਾਇਦ ਇਹ ਫੋਟੋ ਘੱਟ ਗਿਣਤੀ ਮੋਰਚਾ ਦੇ ਕਿਸੇ ਪੁਰਾਣੇ ਪ੍ਰੋਗਰਾਮ ਦੀ ਹੋਵੇਗੀ। ਇਰਸ਼ਾਦ ਚੈਨਵਾਲਾ ਘੱਟ ਗਿਣਤੀ ਮੋਰਚਾ ਦਾ ਪੁਰਾਣਾ ਵਰਕਰ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਭਾਜਪਾ ਵਰਕਰ ਕਾਤਲ ਰਿਆਜ਼ ਨਾਲ ਜੁੜਿਆ ਹੋਇਆ ਹੈ ਤਾਂ ਉਸ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ।

ਭਾਜਪਾ ਵਿਧਾਇਕ ਦਾ ਦਾਅਵਾ, ਕਾਤਲਾਂ ਦਾ ਸਬੰਧ ਕਾਂਗਰਸ ਨਾਲ

ਅਜਮੇਰ ਦੱਖਣੀ ਤੋਂ ਭਾਜਪਾ ਵਿਧਾਇਕ ਅਨੀਤਾ ਭੱਦੇਲ ਨੇ ਰਿਆਜ਼ ਦੇ ਕਾਂਗਰਸ ਨਾਲ ਸਬੰਧ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੋਸ਼ੀ ਦਾ ਇਰਾਦਾ ਅਜਮੇਰ 'ਚ ਦੰਗਾ ਕਰਵਾਉਣ ਦਾ ਸੀ। ਇਸ ਦੇ ਲਈ ਮੁਲਜ਼ਮਾਂ ਨੇ ਵਟਸਐਪ ਗਰੁੱਪ ਵੀ ਬਣਾਏ ਸਨ। ਉਨ੍ਹਾਂ ਦਾਅਵਾ ਕੀਤਾ ਕਿ ਕਨ੍ਹਈਲਾਲ ਦੇ ਕਾਤਲਾਂ ਦਾ ਸਬੰਧ ਕਾਂਗਰਸ ਦੇ ਅਹੁਦੇਦਾਰਾਂ ਨਾਲ ਹੈ।

Posted By: Jaswinder Duhra