ਨਵੀਂ ਦਿੱਲੀ, ਏਜੰਸੀਆਂ : ਕਾਂਗਰਸ ਹਾਈ ਕਮਾਨ ਨੇ ਪੰਜਾਬ ਕਾਂਗਰਸ ’ਚ ਅੰਦਰੂਨੀ ਘਮਸਾਨ ਨੂੰ ਖਤਮ ਕਰਨ ਲਈ ਵੀਰਵਾਰ ਨੂੰ ਨਵਜੋਤ ਸਿੰਘ ਸਿੱਧੂ ਨੂੰ ਦਿੱਲੀ ਤਲਬ ਕੀਤਾ। ਕੇਸੀ ਵੇਣੂਗੋਪਾਲ ਅਤੇ ਹਰੀਸ਼ ਰਾਵਤ ਨਾਲ ਬੈਠਕ ’ਚ ਨਵਜੋਤ ਸਿੰਘ ਸਿੱਧੂ ਨੇ ਆਪਣਾ ਪੱਖ ਰੱਖਿਆ। ਬੈਠਕ ’ਚ ਪੰਜਾਬ ਕਾਂਗਰਸ ਨਾਲ ਸਬੰਧਿਤ ਸੰਗਠਨਾਤਮਕ ਮਾਮਲਿਆਂ ’ਤੇ ਚਰਚਾ ਹੋਈ। ਸੂਤਰਾਂ ਦਾ ਕਹਿਣਾ ਹੈ ਕਿ ਬੈਠਕ ’ਚ ਸਿੱਧੂ ਤੋਂ ਉਸ ਦੇ ਅਸਤੀਫ਼ਾ ਮਾਮਲੇ ’ਤੇ ਵੀ ਗੱਲਬਾਤ ਹੋਈ।

ਬੈਠਕ ਤੋਂ ਬਾਅਦ ਪੰਜਾਬ ਦੇ ਏਆਈਸੀਸੀ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਹਾਈਕਮਾਨ ਦਾ ਫ਼ੈਸਲਾ ਕੱਲ੍ਹ ਆਉਣ ਦੀ ਸੰਭਾਵਨਾ ਹੈ। ਰਾਵਤ ਨੇ ਦੱਸਿਆ ਕਿ ਬੈਠਕ ’ਚ ਨਵਜੋਤ ਸਿੱਧੂ ਨੇ ਸਾਫ਼ ਤੌਰ ’ਤੇ ਕਿਹਾ ਕਿ ਕਾਂਗਰਸ ਪ੍ਰਧਾਨ ਦਾ ਫ਼ੈਸਲਾ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ। ਨਿਰਦੇਸ਼ ਸਪੱਸ਼ਟ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਦੇ ਰੂਪ ’ਚ ਕੰਮ ਕਰਨਾ ਚਾਹੀਦਾ ਹੈ ਅਤੇ ਸੰਗਠਨਾਤਮਕ ਢਾਂਚੇ ਦੀ ਸਥਾਪਨਾ ਚਾਹੀਦੀ ਹੈ। ਰਾਵਤ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਨੇ ਵੀ ਕੁਝ ਮੁੱਦਿਆਂ ’ਤੇ ਗੱਲ ਕੀਤੀ ਹੈ। ਹੱਲ ਨਿਕਲੇਗਾ.. ਕੁਝ ਚੀਜ਼ਾਂ ਹਨ ਜਿਨ੍ਹਾਂ ’ਚ ਸਮਾਂ ਲੱਗਦਾ ਹੈ।

ਬੈਠਕ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਪਾਰਟੀ ਹਾਈਕਮਾਨ ਨੂੰ ਪੰਜਾਬ ਅਤੇ ਪੰਜਾਬ ਕਾਂਗਰਸ ਬਾਰੇ ਆਪਣੀ ਚਿੰਤਾ ਦੱਸੀ ਹੈ। ਮੈਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਪ੍ਰਿਅੰਕਾ ਜੀ ਅਤੇ ਰਾਹੁਲ ਜੀ ’ਤੇ ਪੂਰਾ ਭਰੋਸਾ ਹੈ। ਵੁਹ ਜੋ ਵੀ ਫ਼ੈਸਲਾ ਲੈਣਗੇ, ਉਹ ਕਾਂਗਰਸ ਅਤੇ ਪੰਜਾਬ ਦੀ ਬਿਹਤਰੀ ਲਈ ਹੋਵੇਗਾ। ਮੈਂ ਉਨ੍ਹਾਂ ਦੇ ਨਿਰਦੇਸ਼ਾਂ ਦਾ ਪਾਲਣ ਕਰਾਂਗਾ।

ਉੱਥੇ, ਦਿੱਲੀ ’ਚ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ’ਤੇ ਬੈਠਕ ਤੋਂ ਪਹਿਲਾਂ ਵੀਰਵਾਰ ਨੂੰ ਦੁਪਹਿਰ ਬਾਅਦ ਪੰਜਾਬ ’ਚ ਵੱਡਾ ਸਿਆਸੀ ਘਟਨਾਕ੍ਰਮ ਵੇਖਣ ਨੂੰ ਮਿਲਿਆ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਚਾਨਕ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਉਨ੍ਹਾਂ ਦੇ ਸਿਸਵਾਂ ਫਾਰਮ ਪਹੁੰਚ ਗਏ। ਦੋਵੇਂ ਆਗੂਆਂ ਵਿਚਕਾਰ ਕਰੀਬ ਅੰਧਾ ਘੰਟੇ ਤਕ ਵਿਚਾਰ-ਵਟਾਂਦਰਾ ਹੋਇਆ।

ਦਰਅਸਲ, 16 ਅਕਤੂਬਰ ਨੂੰ ਕਾਂਗਰਸ ਕਾਰਜਕਾਰਨੀ ਦੀ ਬੈਠਕ ਹੋਣ ਵਾਲੀ ਹੈ। ਇਸ ਬੈਠਕ ’ਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਏ ਜਾਣ ਅਤੇ ਉਸ ਤੋਂ ਬਾਅਦ ਸਿੱਧੂ ਦੇ ਅਸਤੀਫ਼ੇ ਨਾਲ ਹੋਈ ਕਿਰਕਿਰੀ ਦਾ ਮੁੱਦਾ ਉਠਾਏ ਜਾਣ ਦੀ ਪੂਰੀ ਸੰਭਾਵਨਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਲੀਡਰਸ਼ਿਪ ਕਾਰਜਕਾਰਨੀ ਦੀ ਬੈਠਕ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਘਮਸਾਨ ਦੇ ਅਧਿਆਏ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਚਾਹੁੰਦੀ ਹੈ। ਇਹੀ ਕਾਰਨ ਹੈ ਕਿ ਪਾਰਟੀ ਲੀਡਰਸ਼ਿਪ ਨੇ ਹੁਣ ਮਨ ਬਣਾ ਲਿਆ ਹੈ ਕਿ ਪੰਜਾਬ ਕਾਂਗਰਸ ਇਕਾਈ ’ਚ ਜਾਰੀ ਅੰਦਰੂਨੀ ਕਲੇਸ਼ ਨੂੰ ਰੋਕਣ ਲਈ ਫ਼ੈਸਲਾ ਕਰਨ ’ਚ ਦੇਰੀ ਨਹੀਂ ਕੀਤੀ ਜਾਵੇਗੀ।

Posted By: Jagjit Singh