ਜੈ ਸਿੰਘ ਛਿੱਬਰ, ਚੰਡੀਗੜ੍ਹ/ਏਐੱਨਆਈ : Punjab Congress Crisis : ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ ਨੂੰ ਖ਼ਤਮ ਕਰਨ ਲਈ ਮਲਿਕਾਰਜੁਨ ਖਡ਼ਗੇ ਦੀ ਅਗਵਾਈ ਹੇਠ ਗਠਿਤ ਤਿੰਨ ਮੈਂਬਰੀ ਕਮੇਟੀ ਨੇ ਵੀਰਵਾਰ ਨੂੰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਕਮੇਟੀ ਨੇ ਚਾਰ ਪੰਨਿਆਂ ਦੀ ਰਿਪੋਰਟ ਵਿਚ ਕਿਹਾ ਕਿ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸਾਬਕਾ ਮੰਤਰੀ ਨਵਜੋਤ ਸਿੱਧੂ ਨੂੰ ਕਿਤੇ ਅਡਜਸਟ ਕੀਤਾ ਜਾਣਾ ਚਾਹੀਦਾ ਹੈ।

ਪਾਰਟੀ ਵਿਚ ਪੁਰਾਣੇ ਟਕਸਾਲੀ ਕਾਂਗਰਸੀ ਆਗੂਆਂ, ਵਰਕਰਾਂ ਨੂੰ ਬੋਰਡਾਂ, ਕਾਰਪੋਰੇਸ਼ਨਾਂ ਜਾਂ ਹੋਰ ਅਦਾਰਿਆਂ ਵਿਚ ਥਾਂ ਨਾ ਦੇਣ, ਮੁੱਖ ਮੰਤਰੀ ਦੀ ਕਾਰਗੁਜ਼ਾਰੀ ’ਤੇ ਸਵਾਲ ਖਡ਼੍ਹੇ ਕਰਦਿਆਂ ਲੰਬੇ ਸਮੇਂ ਤਕ ਵਿਧਾਇਕਾਂ ਨੂੰ ਨਾ ਮਿਲਣ, ਵਿਧਾਇਕਾਂ ਨੂੰ ਭਰੋਸੇ ਵਿਚ ਲਏ ਬਗੈਰ ਆਪਣੇ ਫ਼ੈਸਲੇ ਲੈਣ ਦੀ ਗੱਲ ਕਹੀ ਗਈ ਹੈ। ਦੱਸਿਆ ਜਾਂਦਾ ਹੈ ਕਿ ਕਮੇਟੀ ਨੇ ਆਪਣੀ ਰਿਪੋਰਟ ਵਿਚ ਨਵਜੋਤ ਸਿੱਧੂ ਵਲੋਂ ਮੁੱਖ ਮੰਤਰੀ ਦੇ ਅਧੀਨ ਕੰਮ ਨਾ ਕਰਨ ਦਾ ਹਵਾਲਾ ਦਿੰਦੇ ਹੋਏ ਜਲਦ ਤੋਂ ਜਲਦ ਕਿਤੇ ਅਡਜਸਟ ਕਰਨ ਦੀ ਗੱਲ ਕਹੀ ਹੈ ਤਾਂ ਜੋ ਅਗਲੀਆਂ ਚੋਣਾਂ ਵਿਚ ਪਾਰਟੀ ਚੰਗਾ ਨਤੀਜਾ ਦਿਖਾ ਸਕੇ।

ਕਮੇਟੀ ਨੇ ਆਪਣੀ ਰਿਪੋਰਟ ਵਿਚ ਹਿੰਦੂ, ਦਲਿਤ ਤੇ ਕਿਸਾਨਾਂ ਨੂੰ ਵੀ ਬਣਦੀ ਨੁਮਾਇੰਦਗੀ ਦੇਣ ਦਾ ਹਵਾਲਾ ਦਿੰਦੇ ਹੋਏ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਬਲਾਕ ਪ੍ਰਧਾਨ ਤੋਂ ਲੈ ਕੇ ਉਪਰ ਤਕ ਇਨ੍ਹਾਂ ਵਰਗਾਂ ਦਾ ਖਿਆਲ ਰੱਖਣ ਦੀ ਗੱਲ ਕਹੀ ਹੈ। ਦੱਸਿਆ ਜਾਂਦਾ ਹੈ ਕਿ ਕਮੇਟੀ ਨੇ ਵਿਧਾਇਕਾਂ ਵਲੋਂ ਜੋ ਮੁੱਖ ਮੰਤਰੀ ਦੀ ਕਾਰਗੁਜ਼ਾਰੀ ’ਤੇ ਸਵਾਲ ਖਡ਼੍ਹੇ ਕੀਤੇ ਹਨ, ਉਸ ਦਾ ਹੂਬਹੂ ਜ਼ਿਕਰ ਕੀਤਾ ਹੈ, ਪਰ ਕਮੇਟੀ ਨੇ ਕਿਹਾ ਕਿ ਅਗਲੀਆਂ ਚੋਣਾਂ ਦੀ ਅਗਵਾਈ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਕਰਨੀ ਚਾਹੀਦੀ ਹੈ ਅਤੇ ਸਾਬਕਾ ਮੰਤਰੀ ਨਵਜੋਤ ਸਿੱਧੂ ਨੂੰ ਚੰਗੀ ਥਾਂ ਦੇਣੀ ਚਾਹੀਦੀ ਹੈ।

ਜ਼ਿਕਰਯੋਗ ਹੈ ਕਿ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖਡ਼ਗੇ ਦੀ ਅਗਵਾਈ ਵਾਲੀ ਕਮੇਟੀ, ਜਿਸ ਵਿਚ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਤੇ ਦਿੱਲੀ ਦੇ ਕਾਂਗਰਸੀ ਆਗੂ ਜੈ ਪ੍ਰਕਾਸ਼ ਅਗਰਵਾਲ ਸ਼ਾਮਲ ਹਨ, ਵਲੋਂ ਪੰਜਾਬ ਦੇ ਵੱਖ ਵੱਖ ਆਗੂਆਂ, ਵਿਧਾਇਕਾਂ, ਮੰਤਰੀਆਂ ਨਾਲ ਕੀਤੀ ਗੱਲਬਾਤ ਦਾ ਨਿਚੋਡ਼ ਕੱਢਦਿਆਂ ਆਗਾਮੀ ਵਰ੍ਹੇ ਹੋਣ ਵਾਲੀਆਂ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੀ ਰਿਪੋਰਟ ਦਿੱਤੀ ਹੈ। ਖ਼ਾਸ ਕਰ ਕੇ ਹਿੰਦੂਆਂ ਤੇ ਦਲਿਤਾਂ ਨੂੰ ਸਰਕਾਰ ਤੇ ਪਾਰਟੀ ਵਿਚ ਯੋਗ ਥਾਂ ਦੇਣ ਦੀ ਗੱਲ ਕਹੀ ਹੈ ਜਦਕਿ ਬੇਅਦਬੀ ਦੇ ਮੁੱਦੇ ’ਤੇ ਕਮੇਟੀ ਮੈਂਬਰਾਂ ਨੇ ਕਿਹਾ ਕਿ ਇਹ ਮਾਮਲਾ ਜਾਂਚ ਦਾ ਵਿਸ਼ਾ ਹੈ ਤੇ ਇਹ ਮੁੱਖ ਮੰਤਰੀ ’ਤੇ ਹੀ ਛੱਡ ਦੇਣਾ ਚਾਹੀਦਾ ਹੈ।

ਵਰਨਣਯੋਗ ਹੈ ਕਿ ਕੋਟਕਪੁਰਾ ਗੋਲ਼ੀ ਕਾਂਡ ਬਾਰੇ ਹਾਈਕੋਰਟ ਵਲੋਂ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਟੀਮ ਦੀ ਜਾਂਚ ਰੱਦ ਕਰਨ ਤੋਂ ਬਾਅਦ ਕਾਂਗਰਸ ਵਿਚ ਚੱਲ ਰਹੀ ਬਗਾਵਤ ਦੀ ਅੱਗ ਭਡ਼ਕ ਗਈ ਅਤੇ ਆਗੂਆਂ ਨੇ ਮੀਟਿੰਗਾਂ ਕਰ ਕੇ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਉੱਧਰ, ਮੁੱਖ ਮੰਤਰੀ ਨੇ ਵੀ ਲੋਕ ਸਭਾ ਮੈਂਬਰਾਂ ਤੇ ਹੋਰ ਆਗੂਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਕੇ ਇਹ ਸੰਕੇਤ ਦੇ ਦਿੱਤਾ ਹੈ ਕਿ ਉਹ ਅਗਲੀ ਲਡ਼ਾਈ ਲਈ ਤਿਆਰ ਹਨ। ਕਮੇਟੀ ਨੇ ਆਪਣੀ ਰਿਪੋਰਟ ਪਾਰਟੀ ਪ੍ਰਧਾਨ ਨੂੰ ਸੌਂਪ ਕੇ ਗੇਂਦ ਪਾਰਟੀ ਪ੍ਰਧਾਨ ਦੇ ਪਾਲੇ ਵਿਚ ਸੁੱਟ ਦਿੱਤੀ ਹੈ ਅਤੇ ਹੁਣ ਸਾਰਿਆਂ ਦੀ ਨਜ਼ਰਾਂ ਪਾਰਟੀ ਪ੍ਰਧਾਨ ਵਲੋਂ ਲਏ ਜਾਣ ਵਾਲੇ ਫ਼ੈਸਲੇ ’ਤੇ ਟਿਕ ਗਈਆਂ ਹਨ।

Posted By: Amita Verma