ਨਵੀਂ ਦਿੱਲੀ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨੂੰ ਛੱਡ ਕੇ ਆਪਣੀ ਰਾਜਨੀਤਕ ਪਾਰੀ ਕਿਵੇਂ ਅੱਗੇ ਵਧਾਉਣਗੇ ਇਹ ਤਾਂ ਹਾਲੇ ਸਾਫ਼ ਨਹੀਂ ਹੈ ਪਰ ਉਨ੍ਹਾਂ ਦੇ ਲਗਾਤਾਰ ਦਿੱਲੀ ਦੌਰੇ ਨੇ ਕਾਂਗਰਸ ਨੂੰ ਪਰੇਸ਼ਾਨੀ 'ਚ ਪਾ ਦਿੱਤਾ ਹੈ। ਅਮਰਿੰਦਰ ਸਿੰਘ ਇਕ ਵਾਰ ਫਿਰ ਦਿੱਲੀ ਦੌਰੇ 'ਤੇ ਹਨ। ਜਾਣਕਾਰੀ ਮੁਤਾਬਕ ਉਨ੍ਹਾਂ ਦੀ ਗ੍ਰਹਿਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਹੋਣੀ ਹੈ। ਇਸ ਮੁਲਾਕਾਤ 'ਚ ਪੰਜਾਬ ਦੀ ਅੰਦਰੂਨੀ ਤੇ ਬਾਰਡਰ ਸੁਰੱਖਿਆ ਨੂੰ ਲੈ ਕੇ ਗੱਲਬਾਤ ਹੋ ਸਕਦੀ ਹੈ। ਦਰਅਸਲ ਪੰਜਾਬ ਦਾ ਬਾਰਡਰ ਏਰੀਆ 50 ਕਿਮੀ. ਤਕ ਬੀਐਸਐਫ ਦੇ ਅਧੀਨ ਹੋਣ ਤੋਂ ਬਾਅਦ ਅਮਰਿੰਦਰ 'ਤੇ ਕਾਂਗਰਸ ਤੇ ਵਿਰੋਧੀ ਦਲਾਂ ਦੇ ਆਗੂਆਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਹੀ ਕੇਂਦਰ ਸਰਕਾਰ ਨਾਲ ਮਿਲ ਕੇ ਇਸ ਕੰਮ ਨੂੰ ਅੰਜ਼ਾਮ ਦਿੱਤਾ ਹੈ।

ਸ਼ਾਹ ਨਾਲ ਕਰਨਗੇ ਤੀਜੀ ਵਾਰ ਮੁਲਾਕਾਤ

ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਤੀਜੀ ਵਾਰ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਸੂਤਰਾਂ ਦਾ ਕਹਿਣਾ ਹੈ ਕਿ ਸਾਬਕਾ ਸੀਐਮ ਦੇ ਦਿੱਲੀ ਦੌਰੇ ਨੂੰ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਅੰਦੋਲਨ ਦਾ ਹੱਲ ਲੱਭਣ 'ਚ ਵੱਡੀ ਭੂਮਿਕਾ ਨੂੰ ਲੈ ਕੇ ਗੱਲ ਹੋ ਸਕਦੀ ਹੈ। ਕੈਪਟਨ ਇਸ ਤੋਂ ਪਹਿਲਾਂ ਪੰਜਾਬ ਦੀ ਅੰਦਰੂਨੀ ਸੁਰੱਖਿਆ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਐਨਐਸਏ ਅਜੀਤ ਡੋਭਾਲ ਨਾਲ ਮੁਲਾਕਾਤ ਕਰ ਚੁੱਕੇ ਹਨ। ਬੇਸ਼ੱਕ ਹੀ ਅਮਰਿੰਦਰ ਇਹ ਕਹਿ ਚੁੱਕੇ ਹਨ ਕਿ ਉਹ ਬੀਜੇਪੀ 'ਚ ਨਹੀਂ ਜਾਣਗੇ ਪਰ ਗ੍ਰਹਿਮੰਤਰੀ ਅਮਿਤ ਸ਼ਾਹ ਨਾਲ ਉਨ੍ਹਾਂ ਦੀ ਲਗਾਤਾਰ ਹੋ ਰਹੀ ਮੁਲਾਕਾਤ ਨੇ ਕਾਂਗਰਸ ਦੀ ਬੇਚੈਨੀ ਵਧਾ ਦਿੱਤੀ ਹੈ।

Posted By: Ravneet Kaur