ਜਾਗਰਣ ਟੀਮ, ਗਗਲ/ ਦੇਹਰਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼ਨਿਚਰਵਾਰ ਦੇਰ ਸ਼ਾਮ ਸ਼੍ਰੀ ਬਗਲਾਮੁਖੀ ਮੰਦਰ ਪਹੁੰਚੇ। ਇੱਥੇ ਉਨ੍ਹਾਂ ਨੇ ਪਤਨੀ, ਬੇਟੇ ਤੇ ਨੂੰਹ ਨਾਲ ਮਾਤਾ ਬਗਲਾਮੁਖੀ ਦੇ ਦਰਸ਼ਨ ਕੀਤੇ। ਉਹ ਦੇਰ ਰਾਤ ਤਕ ਵਿਸ਼ੇਸ਼ ਪੂਜਾ ’ਚ ਸ਼ਾਮਲ ਰਹਿਣਗੇ। ਇਸ ਦੌਰਾਨ ਹਵਨ ਯੱਗ ਵੀ ਕਰਵਾਇਆ ਜਾਵੇਗਾ। ਇਸ ਦੌਰਾਨ ਨੂਰਪੁਰ ਤੋਂ ਸਾਬਪਕਾ ਵਿਧਾਇਕ ਅਜੇ ਮਹਾਜਨ, ਜਵਾਲਾਮੁਖੀ ਤੋਂ ਸਾਬਕਾ ਵਿਧਾਇਕ ਸੰਜੇ ਰਤਨ, ਐੱਨਐੱਸਯੂਆਈ ਦੇ ਸਾਬਕਾ ਸੂਬਾ ਪ੍ਰਧਾਨ ਕੇਵਲ ਸਿੰਘ ਪਠਾਨੀਆ ਸਮੇਤ ਕਈ ਆਗੂ ਮੌਜੂਦ ਰਹੇ।

ਮੁੱਖ ਮੰਤਰੀ ਬਣਨ ਤੋਂ ਪਹਿਲਾਂ ਬਤੌਰ ਵਿਧਾਇਕ ਤੇ ਮੰਤਰੀ ਚਰਨਜੀਤ ਸਿੰਘ ਚੰਨੀ ਬਗਲਾਮੁਖੀ ਮੰਦਰ ’ਚ ਆਉਂਦੇ ਰਹੇ ਹਨ। ਮੰਦਰ ਦੇ ਮਹੰਤ ਰਜਿਤ ਗਿਰੀ ਤੇ ਆਚਾਰੀਆ ਦਿਨੇਸ਼ ਰਤਨ ਨੇ ਕਿਹਾ ਕਿ ਚੰਨੀ ਨੇ ਸੂਬੇ ਦੀ ਸੁੱਖ-ਸ਼ਾਂਤੀ ਤੇ ਖ਼ੁਸ਼ਹਾਲੀ ਲਈ ਵਿਸ਼ੇਸ਼ ਪੂਜਾ ਪਾਠ ਕੀਤਾ। ਉਨ੍ਹਾਂ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਜਿੱਤ ਲਈ ਵੀ ਮਾਂ ਨੂੰ ਪ੍ਰਾਰਥਨਾ ਕੀਤੀ।

ਇਸ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਗਗਲ ਸਥਿਤ ਕਾਂਗੜਾ ਹਵਾਈ ਅੱਡੇ ਪਹੁੰਚੇ। ਇੱਥੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਜੇ ਮਹਾਜਨ, ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਕੇਵਲ ਸਿੰਘ ਪਠਾਨੀਆ ਆਦਿ ਨੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਹਵਾਈ ਅੱਡੇ ’ਤੇ ਉਨ੍ਹਾਂ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ। ਬਗਲਾਮੁਖੀ ਮੰਦਰ ਜਾਣ ਤੋਂ ਪਹਿਲਾਂ ਉਹ ਝਿਓਲ ਸਥਿਤ ਅਮੋਹਾ ਰੀਟ੍ਰੀਟ ’ਚ ਪਰਿਵਾਰ ਦੇ ਮੈਂਬਰਾਂ ਨਾਲ ਪਹੁੰਚੇ ਤੇ ਇੱਥੋਂ ਦੀਆਂ ਵਾਦੀਆਂ ਨੂੰ ਦੇਖਿਆ।

ਚੰਨੀ ਨੂੰ ਮੁੱਖ ਮੰਤਰੀ ਦੇਖਣ ਲਈ ਕਰਵਾਏ ਸਨ ਨੌਂ ਹਵਨ

ਸ਼ਨਿਚਰਵਾਰ ਨੂੰ ਚੰਨੀ ਨੇ ਸਿਆਸੀ ਪਾਰੀ ਮਜ਼ਬੂਤ ਕਰਨ ਲਈ ਵਿਸ਼ੇਸ਼ ਪੂਜਾ ਤੇ ਹਵਨ ਯੱਗ ਕੀਤਾ। ਜਦੋਂ ਵੀ ਉਨ੍ਹਾਂ ਨੇ ਹਵਨ ਯੱਗ ਤੇ ਪੂਜਾ ਪਾਠ ਕੀਤਾ, ਉਨ੍ਹਾਂ ਦੀ ਹਰ ਕਾਮਨਾ ਪੂਰੀ ਹੋਈ। ਵੱਲੂਮਾਜਰਾ ਤੋਂ ਸੁੱਖਾ ਚੰਨੀ ਨੇ ਜਾਗਰਣ ਨੂੰ ਦੱਸਿਆ ਕਿ ਉਨ੍ਹਾਂ ਨੇ ਚੰਨੀ ਨੂੰ ਮੁੱਖ ਮੰਤਰੀ ਦੇਖਣ ਲਈ ਨੌਂ ਹਵਨ ਯੱਗ ਕਰਵਾਏ ਸਨ। ਮੁੱਖ ਮੰਤਰੀ ਬਣਨ ’ਤੇ ਉਨ੍ਹਾਂ ਕਿਹਾ ਸੀ ਕਿ ਸਮਾਂ ਮਿਲਦੇ ਹੀ ਮਾਤਾ ਦੇ ਚਰਨਾਂ ’ਚ ਸੀਸ ਨਿਵਾਉਣ ਜਾਣਗੇ।

Posted By: Susheel Khanna