20 ਮਾਰਚ ਤੋਂ ਸ਼ੁਰੂ ਹੋਵੇਗਾ ਵਿਧਾਨ ਸਭਾ ਦਾ ਸੈਸ਼ਨ, 24 ਨੂੰ ਪੇਸ਼ ਹੋਵੇਗਾ ਬਜਟ
ਸਿਰਫ਼ ਛੇ ਦਿਨ ਚੱਲੇਗਾ ਬਜਟ ਸੈਸ਼ਨ
ਸਟੇਟ ਬਿਊਰੋ, ਚੰਡੀਗੜ੍ਹ
ਪੰਜਾਬ ਮੰਤਰੀ ਮੰਡਲ ਨੇ ਵਿਧਾਨ ਸਭਾ ਦਾ ਬਜਟ ਸੈਸ਼ਨ 20 ਮਾਰਚ ਤਕ ਚੱਲੇਗਾ। ਜਿਸਦੇ ਦੌਰਾਨ ਸਾਲ 2018-19 ਦਾ ਬਜਟ 24 ਮਾਰਚ ਨੂੰ ਸਦਨ 'ਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਭਵਨ 'ਚ ਹੋਈ ਕੈਬਨਿਟ ਦੀ ਬੈਠਕ 'ਚ ਇਹ ਫੈਸਲਾ ਕੀਤਾ ਗਿਆ।
ਮੰਤਰੀ ਮੰਡਲ ਦੇ ਇਸ ਫੈਸਲੇ ਦੇ ਮੁਤਾਬਕ, ਭਾਰਤੀ ਸੰਵਿਧਾਨ ਦੀ ਧਾਰਾ 174 ਦੀ ਕਲਾਜ਼ (1) ਦੇ ਮੁਤਾਬਕ, 15ਵੀਂ ਪੰਜਾਬ ਵਿਧਾਨ ਸਭਾ ਦਾ ਚੌਥਾ ਸੈਸ਼ਨ ਬੁਲਾਏ ਜਾਣ ਲਈ ਪੰਜਾਬ ਦੇ ਰਾਜਪਾਲ ਨੂੰ ਅਧਿਕਾਰਤ ਕੀਤਾ ਗਿਆ। ਬਜਟ ਸੈਸ਼ਨ 20 ਮਾਰਚ ਨੂੰ ਸ਼ਰਧਾਂਜਲੀਆਂ ਦੇ ਨਾਲ ਸ਼ੁਰੂ ਹੋਵੇਗਾ ਅਤੇ ਉਸੇ ਦਿਨ ਸਵੇਰੇ 11 ਵਜੇ ਰਾਜਪਾਲ ਦਾ ਭਾਸ਼ਣ ਹੋਵੇਗਾ।
-------
ਪਹਿਲੇ ਦਿਨ ਦੋ ਸੈਸ਼ਨ ਹੋਣਗੇ
ਰਾਜਪਾਲ ਦੇ ਭਾਸ਼ਣ 'ਤੇ ਧੰਨਵਾਦ ਮਤਾ 21 ਮਾਰਚ ਨੂੰ ਪੇਸ਼ ਕੀਤਾ ਜਾਵੇਗਾ ਜਿਸਦੇ ਬਾਅਦ ਇਸ 'ਤੇ ਚਰਚਾ ਹੋਵੇਗੀ। ਇਸ ਮਤੇ 'ਤੇ ਬਹਿਸ ਅਗਲੇ ਦੋ ਦਿਨ ਤਕ ਚੱਲੇਗੀ। 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਦੇ ਕਾਰਨ ਸੈਸ਼ਨ ਨਹੀਂ ਚੱਲੇਗਾ।
ਸਾਲ 2016-17 ਦੀ ਭਾਰਤ ਦੇ ਕੰਪਟ੍ਰੋਲਰ ਅਤੇ ਆਡੀਟਰ ਜਨਰਲ ਦੀਆਂ ਰਿਪੋਰਟਾਂ (ਸਿਵਲ, ਵਪਾਰਕ), ਸਾਲ 2016-17 ਦੇ ਪੰਜਾਬ ਸਰਕਾਰ ਦੇ ਵਿੱਤੀ ਲੇਖਾ ਅਤੇ ਸਾਲ 2016-17 ਦੀ ਵਿਨਿਯੋਜਨ ਲੇਖੇ ਦੀ ਰਿਪੋਰਟ 24 ਮਾਰਚ ਨੂੰ ਸਵੇਰੇ 10 ਵਜੇ ਸਦਨ 'ਚ ਰੱਖੇ ਜਾਣ ਦੀ ਸੰਭਾਵਨਾ ਹੈ। ਸਾਲ 2017-18 ਲਈ ਗ੍ਰਾਂਟਾਂ ਲਈ ਅਨੁਪੂਰਕ ਮੰਗਾਂ, ਸਾਲ 2018-19 ਦੇ ਬਜਟ ਅਨੁਮਾਨ ਵੀ 24 ਮਾਰਚ ਨੂੰ ਪੇਸ਼ ਕੀਤੇ ਜਾਣਗੇ।
ਬਜਟ ਅਨੁਮਾਨਾਂ ਸਬੰਧੀ ਬਹਿਸ 26 ਮਾਰਚ ਨੂੰ ਬਾਅਦ ਦੁਪਹਿਰ ਦੋ ਵਜੇ ਸ਼ੁਰੂ ਹੋਵੇਗੀ ਅਤੇ ਇਹ ਅਗਲੇ ਦਿਨ ਵੀ ਜਾਰੀ ਰਹੇਗੀ। ਸਾਲ 2018-19 ਦੇ ਬਜਟ ਅਨੁਮਾਨਾਂ ਸਬੰਧੀ ਮੰਗਾਂ 'ਤੇ ਬਹਿਸ ਅਤੇ ਵੋਟਿੰਗ, ਸਾਲ 2018-19 ਲਈ ਬਜਟ ਅਨੁਮਾਨਾਂ ਸਬੰਧੀ ਵਿਨਿਯੋਜਨ ਬਿੱਲ ਅਤੇ ਵਿਧਾਨਕ ਕੰਮਕਾਜ 28 ਮਾਰਚ ਨੂੰ ਹੋਣਗੇ। ਇਸਦੇ ਬਾਅਦ ਸਦਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਜਾਵੇਗਾ।