ਜੇਐੱਨਐੱਨ, ਨਵੀਂ ਦਿੱਲੀ : ਪੁਲਵਾਮਾ ਹਮਲੇ ਦੀ ਅੱਜ ਪਹਿਲੀ ਬਰਸੀ ਹੈ। ਇਸ ਮੌਕੇ ਪੂਰਾ ਦੇਸ਼ ਵੀਰ ਜਵਾਨਾਂ ਦੀ ਸ਼ਹਾਦਤ ਨੂੰ ਯਾਦ ਕਰ ਰਿਹਾ ਹੈ ਪਰ ਰਾਜਨੀਤੀ ਇਸ 'ਤੇ ਹਾਵੀ ਹੁੰਦੀ ਨਜ਼ਰ ਆ ਰਹੀ ਹੈ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪੁਲਵਾਮਾ ਹਮਲੇ ਦੀ ਪਹਿਲੀ ਬਰਸੀ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਤਿੰਨ ਸਵਾਲ ਪੁੱਛੇ ਹਨ। ਉਨ੍ਹਾਂ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਟਵੀਟ ਕੀਤਾ ਹੈ ਕਿ ਇਸ ਹਮਲੇ ਨਾਲਭ ਤੋਂ ਜ਼ਿਆਦਾ ਫਾਇਦਾ ਕਿਸ ਨੂੰ ਹੋਇਆ? ਇਸ 'ਤੇ ਭਾਜਪਾ ਰਾਹੁਲ ਗਾਂਧੀ 'ਤੇ ਹਮਲਾਵਰ ਹੋ ਗਈ ਹੈ। ਜੰਮੂ-ਕਸ਼ਮੀਰ ਜ਼ੋਨ ਦੇ ਸਪੈਸ਼ਲ ਸੀਆਰਪੀਐੱਫ ਡੀਜੀ ਜ਼ੁਲਫੀਕਾਰ ਹਸਨ ਨੇ ਕਿਹਾ ਕਿ ਦੋਸ਼ੀਆਂ ਦਾ ਹਿਸਾਬ ਕੀਤਾ ਜਾ ਚੁੱਕਾ ਹੈ।

ਪੁਲਵਾਮਾ ਹਮਲੇ ਦੀ ਜਾਂਚ ਬਾਰੇ ਪੁੱਛਣ 'ਤੇ ਜੰਮੂ-ਕਸ਼ਮੀਰ ਜ਼ੋਨ ਦੇ ਸਪੈਸ਼ਲ ਸੀਆਰਪੀਐੱਫ ਡੀਜੀ ਜ਼ੁਲਫੀਕਾਰ ਹਸਨ ਨੇ ਕਿਹਾ ਕਿ ਕੌਮੀ ਜਾਂਚ ਏਜੰਸੀ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਸਹੀ ਦਿਸ਼ਾ 'ਚ ਅੱਗੇ ਵਧ ਰਹੀ ਹੈ। ਅਸੀਂ ਸ਼ਹੀਦਾਂ ਦੇ ਪਰਿਵਾਰਾਂ ਦੀ ਦੇਖਭਾਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਪੁਲਵਾਮਾ ਹਮਲੇ ਦੇ ਸਾਜ਼ਿਸ਼ਘਾੜਿਆਂ ਨੂੰ ਘਟਨਾ ਦੇ ਕੁਝ ਮਹੀਨੇ ਬਾਅਦ ਨਕਾਰਾ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਮਦਦ ਕਰਨ ਵਾਲੇ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਲੋਕਾਂ ਨੇ ਹਮਲੇ ਨੂੰ ਅੰਜਾਮ ਦਿੱਤਾ ਸੀ, ਉਨ੍ਹਾਂ ਦਾ ਹਿਸਾਬ ਕੀਤਾ ਜਾ ਚੁੱਕਾ ਹੈ।

ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਰਾਹੁਲ ਗਾਂਧੀ 'ਤੇ ਹਮਲਾ ਕਰਦਿਆਂ ਕਿਹਾ, 'ਕਥਿਤ ਗਾਂਧੀ ਪਰਿਵਾਰ ਫਾਇਦੇ ਤੋਂ ਅੱਗੇ ਦੀ ਸੋਚ ਹੀ ਨਹੀਂ ਪਾ ਰਿਹਾ। ਇਹ ਸਿਰਫ਼ ਭੌਤਿਕ ਤੌਰ 'ਤੇ ਭ੍ਰਿਸ਼ਟ ਨਹੀਂ ਬਲਕਿ ਇਨ੍ਹਾਂ ਦੀ ਆਤਮਾ ਵੀ ਭ੍ਰਿਸ਼ਟ ਹੈ।' ਉੱਥੇ ਹੀ ਭਾਜਪਾ ਆਗੂ ਕਪਿਲ ਮਿਸ਼ਰਾ ਨੇ ਰਾਹੁਲ ਗਾਂਧੀ 'ਤੇ ਪਲਟਵਾਰ ਕਰਦਿਆਂ ਲਿਖਿਆ ਹੈ, 'ਸ਼ਰਮ ਕਰੋ ਰਾਹੁਲ ਗਾਂਧੀ। ਪੁੱਛਦੇ ਹੋ ਪੁਲਵਾਮਾ ਹਮਲੇ ਨਾਲ ਕਿਸ ਦਾ ਫਾਇਦਾ ਹੋਇਆ? ਜੇਕਰ ਦੇਸ਼ ਨੇ ਪੁੱਛ ਲਿਆ ਕਿ ਇੰਦਰਾ-ਰਾਜੀਵ ਗਾਂਧੀ ਦੀ ਹੱਤਿਆ ਨਾਲ ਕਿਸ ਦਾ ਫਾਇਦਾ ਹੋਇਆ, ਫਿਰ ਕੀ ਕਹੋਗੇ। ਇੰਨੀ ਘਟੀਆ ਸਿਆਸਤ ਨਾ ਕਰੋ, ਸ਼ਰਮ ਕਰੋ।

ਸ਼ਰਮ ਕਰੋ ਰਾਹੁਲ ਗਾਂਧੀ...!

ਭਾਜਪਾ ਆਗੂ ਜੀਵੀਐੱਲ ਨਰਸਿਮ੍ਹਾ ਨੇ ਵੀ ਰਾਹੁਲ ਗਾਂਧੀ ਨੂੰ ਲੰਬੇ ਹੱਥੀਂ ਲੈਂਦਿਆਂ ਟਵੀਟ ਕੀਤਾ, ਅਜਿਹੇ ਮੌਕੇ ਜਦੋਂ ਦੇਸ਼ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਯਾਦ ਕਰ ਰਿਹਾ ਹੈ। ਉਦੋਂ ਲਸ਼ਕਰ ਤੇ ਜੈਸ਼-ਏ-ਮੁਹੰਮਦ ਨਾਲ ਹਮਦਰਦੀ ਲਈ ਜਾਣੇ ਜਾਂਦੇ ਰਾਹੁਲ ਗਾਂਧੀ ਨੇ ਨਾ ਸਿਰਫ਼ ਸਰਕਾਰ 'ਤੇ ਬਲਕਿ ਸੁਰੱਖਿਆ ਬਲਾਂ 'ਤੇ ਵੀ ਨਿਸ਼ਾਨਾ ਵਿੰਨ੍ਹਿਆ ਹੈ। ਰਾਹੁਲ ਕਦੀ ਅਸਲੀ ਦੋਸ਼ੀ ਪਾਕਿਸਤਾਨ ਨੂੰ ਸਵਾਲ ਨਹੀਂ ਕਰਨਗੇ। ਸ਼ਰਮ ਕਰੋ ਰਾਹੁਲ...!'

ਰਾਹੁਲ ਗਾਂਧੀ ਦੇ ਸਵਾਲ

ਰਾਹੁਲ ਗਾਂਧੀ ਨੇ ਟਵੀਟ 'ਚ ਲਿਖਿਆ ਹੈ ਕਿ ਅੱਜ ਅਸੀਂ ਪੁਲਵਾਮਾ 'ਚ ਸ਼ਹੀਦ ਹੋਏ ਸੀਆਰਪੀਐੱਫ ਦੇ 40 ਜਵਾਨਾਂ ਨੂੰ ਯਾਦ ਕਰ ਰਹੇ ਹਾਂ। ਚੱਲੋ ਗੱਲ ਕਰਦੇ ਹਾਂ- ਤਿੰਨ ਸਵਾਲਾਂ 'ਚ ਦੋ ਸਵਾਲ ਕੁਝ ਇਸ ਤਰ੍ਹਾਂ ਹਨ। ਉਨ੍ਹਾਂ ਪੁੱਛਿਆ ਹੈ- 'ਇਸ ਹਮਲੇ ਦੀ ਜਾਂਚ ਦੌਰਾਨ ਕੀ ਸਾਹਮਣੇ ਆਇਆ? ਸੁਰੱਖਿਆ 'ਚ ਹੋਈ ਭੁੱਲ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ?'

ਕਾਬਿਲੇਗ਼ੌਰ ਹੈ ਕਿ ਪੁਲਵਾਮਾ 'ਚ 14 ਫਰਵਰੀ 2019 ਨੂੰ ਆਤਮਘਾਤੀ ਹਮਲਾ ਹੋਇਆ ਸੀ। ਇਸ ਹਮਲੇ 'ਚ ਸੀਆਰਪੀਐੱਫ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਅੱਜ ਇਸ ਹਮਲੇ ਦੀ ਪਹਿਲੀ ਬਰਸੀ ਹੈ ਤੇ ਦੇਸ਼ ਭਰ 'ਚ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਸ੍ਰੀਨਗਰ ਸਥਿਤ ਸੀਆਰਪੀਐੱਫ ਦੇ ਲੇਥਪੋਰਾ 'ਚ ਮੈਮੋਰੀਅਲ 'ਤੇ ਸ਼ਹੀਦ ਜਵਾਨਾਂ ਨੂੰ ਫੁੱਲ ਭੇਟ ਕੀਤੇ ਗਏ।

Posted By: Seema Anand