ਜੇਐੱਨਐੱਨ, ਸ੍ਰੀਨਗਰ : ਪੁਲਵਾਮਾ ਅੱਤਵਾਦੀ ਹਮਲੇ ਦੀ ਅੱਜ ਪਹਿਲੀ ਬਰਸੀ ਹੈ। ਪੂਰਾ ਦੇਸ਼ ਅੱਜ ਉਨ੍ਹਾਂ ਸ਼ਹੀਦਾਂ ਨੂੰ ਨਮਨ ਕਰ ਰਿਹਾ ਹੈ ਜਿਨ੍ਹਾਂ ਅੱਜ ਦੇ ਦਿਨ ਇਸ ਅੱਤਵਾਦੀ ਹਮਲੇ 'ਚ ਸ਼ਹਾਦਤ ਦਾ ਜਾਮ ਪੀਤਾ ਸੀ। ਅੱਜ ਦੇ ਦਿਨ ਇਨ੍ਹਾਂ ਸ਼ਹੀਦਾਂ ਦੇ ਸਨਮਾਨ 'ਚ ਇਕ ਸ਼ਹੀਦੀ ਸਮਾਰਕ ਦੇਸ਼ ਦੇ ਨਾਂ ਸਮਰਪਿਤ ਕੀਤਾ ਗਿਆ। ਇਹ ਸਮਾਰਕ ਸਥਾਨ ਲਿਥਪੋਰਾ ਸਥਿਤ ਸੀਆਰਪੀਐਫ ਕੈਂਪ 'ਚ ਹੈ। ਇਸ ਪ੍ਰੋਗਰਾਮ 'ਚ ਇਕੋ-ਇਕ ਮਹਿਮਾਨ ਸਨ ਉਮੇਸ਼ ਗੋਪੀਨਾਥ ਜਾਧਵ। ਉਮੇਸ਼ ਦੇ ਇੱਥੇ ਹੋਣ ਦਾ ਕਾਰਨ ਬੇਹੱਦ ਖਾਸ ਸੀ ਤੇ ਉਹ ਕਾਰਨ ਸੀ ਉਮੇਸ਼ ਵੱਲੋਂ ਪਿਛਲੇ ਇਕ ਸਾਲ 'ਚ ਤੈਅ ਕੀਤਾ ਗਿਆ ਸਫ਼ਰ, ਜਿਸ ਵਿਚ ਉਨ੍ਹਾਂ ਹਮਲੇ 'ਚ ਸ਼ਹੀਦ ਹੋਏ 40 ਜਵਾਨਾਂ ਦੇ ਘਰ ਜਾ ਕੇ ਉਨ੍ਹਾਂ ਦੇ ਘਰ ਦੀ ਮਿੱਟੀ ਇਕੱਠੀ ਕੀਤੀ।

ਇਹ ਹੈ ਉਨ੍ਹਾਂ ਦੇ ਸਫ਼ਰ ਦੀ ਕਹਾਣੀ

ਦਰਅਸਲ ਉਮੇਸ਼ ਜਿਸ ਦਿਨ ਬੈਂਗਲੁਰੂ ਪਰਤ ਰਹੇ ਸਨ, ਉਨ੍ਹਾਂ ਜੈਪੁਰ ਹਵਾਈ ਅੱਡੇ 'ਤੇ ਅੱਤਵਾਦੀ ਹਮਲੇ ਦੀਆਂ ਖ਼ਬਰਾਂ ਟੀਵੀ 'ਤੇ ਦੇਖੀਆਂ। ਇਸ ਤੋਂ ਬਾਅਦ ਉਨ੍ਹਾਂ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਲਈ ਕੁਝ ਕਰਨ ਦਾ ਮਨ ਬਣਾਇਆ ਤੇ ਫਿਰ ਸ਼ੁਰੂ ਕੀਤਾ 61,000 ਕਿਲੋਮੀਟਰ ਦਾ ਉਹ ਸਫ਼ਰ ਜਿਸ ਵਿਚ ਉਹ ਹਰ ਸ਼ਹੀਦ ਦੇ ਪਰਿਵਾਰ ਵਾਲਿਆਂ ਨੂੰ ਮਿਲੇ। ਉਨ੍ਹਾਂ ਦੀ ਇਹ ਯਾਤਰਾ ਪਿਛਲੇ ਹਫ਼ਤੇ ਹੀ ਖ਼ਤਮ ਹੋਈ ਹੈ।

ਉਮੇਸ਼ ਮੁਤਾਬਕ, 'ਮੈਂ ਸਾਲ 2019 ਪੂਰਾ ਉਨ੍ਹਾਂ ਸ਼ਹੀਦਾਂ ਦੀ ਦਹਿਲੀਜ਼ ਦੀ ਮਿੱਟੀ ਇਕੱਠੀ ਕਰਨ 'ਚ ਬਿਤਾਇਆ ਹੈ ਜਿਹੜੇ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਸਨ। ਉਮੇਸ਼ ਮੁਤਾਬਕ ਉਨ੍ਹਾਂ ਦਾ ਇਹ ਸਫ਼ਰ ਕਾਫੀ ਮੁਸ਼ਕਲ ਸੀ ਪਰ ਜੋ ਮਰਤਬਾਨ ਲੈ ਕੇ ਉਹ ਪਹੁੰਚੇ ਸਨ, ਉਸ ਵਿਚ ਉਨ੍ਹਾਂ ਸ਼ਹੀਦਾਂ ਦੇ ਘਰਾਂ ਦੀ ਮਿੱਟੀ ਸੀ, ਜੋ ਉਨ੍ਹਾਂ ਲਈ ਸਭ ਕੁਝ ਸੀ।

ਉਮੇਸ਼ ਮੁਤਾਬਕ, ਅਸੀਂ ਇਕੱਠੇ ਰੋਏ, ਅਸੀਂ ਇਕੱਠਿਆਂ ਖਾਣਾ ਖਾਧਾ ਤੇ ਖੁਸ਼ੀਆਂ ਵੀ ਮਨਾਈਆਂ। ਉਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਮਿਲਣ ਦਾ ਗੌਰਵਮਈ ਤਜਰਬਾ ਹੈ। ਕਿਸੇ ਨੇ ਪੁੱਤਰ ਗਵਾਇਆ ਤਾਂ ਕਿਸੇ ਨੇ ਪਤੀ ਤੇ ਕਿਸੇ ਬੱਚੇ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਮੈਨੂੰ ਉਨ੍ਹਾਂ ਪਰਿਵਾਰਾਂ ਦਾ ਅਸ਼ੀਰਵਾਦ ਮਿਲਿਆ।

ਪੇਸ਼ੇ ਵਜੋਂ ਫਾਰਮਾਕੋਲੋਜਿਸਟ ਰਹੇ ਉਮੇਸ਼ ਮਹਾਰਾਸ਼ਟਰ ਦੇ ਰਹਿਣ ਵਾਲੇ ਹਨ ਤੇ ਉਨ੍ਹਾਂ ਬਾਅਦ ਵਿਚ ਮਿਊੁਜ਼ਿਕ ਦੀ ਦੁਨੀਆ ਨੂੰ ਚੁਣਿਆ। ਉਹ ਅਕਸਰ ਕਾਨਸਰਟਸ ਲਈ ਘੁੰਮਦੇ-ਫਿਰਦੇ ਰਹਿੰਦੇ ਹਨ।

Posted By: Tejinder Thind