ਪੁੱਡੂਚੇਰੀ (ਏਜੰਸੀਆਂ) : ਪੁੱਡੂਚੇਰੀ ਵਿਧਾਨ ਸਭਾ ਲਈ ਛੇ ਅਪ੍ਰੈਲ ਨੂੰ ਹੋਈ ਵੋਟਿੰਗ ਤੋਂ ਬਾਅਦ ਐਤਵਾਰ ਨੂੰ ਹੋਈ ਗਿਣਤੀ ’ਚ ਖ਼ਬਰ ਲਿਖੇ ਜਾਣ ਤਕ ਏਆਈਐੱਨਆਰ ਕਾਂਗਰਸ ਨੇ ਅੱਠ ਸੀਟਾਂ ਤੇ ਉਸ ਦੀ ਸਹਿਯੋਗੀ ਭਾਜਪਾ ਨੇ ਤਿੰਨ ਸੀਟਾਂ ’ਤੇ ਜਿੱਤ ਹਾਸਲ ਕਰ ਲਈ ਸੀ। ਜਦਕਿ ਕਾਂਗਰਸ ਦੀ ਅਗਵਾਈ ਵਾਲੇ ਸੈਕੂਲਰ ਡੈਮੋਕ੍ਰੇਟਿਕ ਅਲਾਇੰਸ (ਐੱਸਡੀਏ) ਨੇ ਤਿੰਨ ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ।

ਚੋਣ ਕਮਿਸ਼ਨ ਨੇ ਐਤਵਾਰ ਦੇਰ ਸ਼ਾਮ ਤਕ 30 ਵਿਧਾਨ ਸਭਾ ਸੀਟਾਂ ’ਚੋਂ 14 ’ਤੇ ਨਤੀਜੇ ਐਲਾਨ ਦਿੱਤੇ ਸਨ। ਇਨ੍ਹਾਂ ’ਚੋਂ ਏਆਈਐੱਨਆਰ ਕਾਂਗਰਸ ਨੇ ਅੱਠ, ਭਾਜਪਾ ਨੇ ਤਿੰਨ, ਡੀਐੱਕੇ ਨੇ ਇਕ ਤੇ ਕਾਂਗਰਸ ਨੇ ਦੋ ਸੀਟਾਂ ’ਤੇ ਜਿੱਤ ਹਾਸਲ ਕਰ ਲਈ ਸੀ। ਭਾਜਪਾ ਦੇ ਏ. ਨਮਾਸ਼ਿਵਅਮ ਨੇ ਮੰਨਾਡਿਪੇਟ ਤੋਂ ਡੀਐੱਮਕੇ ਦੇ ਏ. ਕ੍ਰਿਸ਼ਣਨ ਨੂੰ ਹਰਾਇਆ। ਨਮਾਸ਼ਿਵਅਮ ਇਸੇ ਸਾਲ ਜਨਵਰੀ ’ਚ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਸਨ। ਉੱਥੇ ਹੀ ਭਾਜਪਾ ਉਮੀਦਵਾਰ ਏ. ਜਾਨਕੁਮਾਰ ਤੇ ਉਨ੍ਹਾਂ ਦੇ ਪੁੱਤਰ ਰਿਚਰਡ ਜਾਨਕੁਮਾਰ ਨੇ ਲੜੀਵਾਰ ਕਾਮਰਾਜ ਨਗਰ ਤੇ ਨੱਲੀਥੋਪ ਤੋਂ ਜਿੱਤ ਹਾਸਲ ਕੀਤੀ। ਏ. ਜਾਨਕੁਮਾਰ ਪਹਿਲਾਂ ਵੀ ਦੋ ਵਾਰ ਕਾਮਰਾਜਨਗਰ ਤੋਂ ਕਾਂਗਰਸ ਦੇ ਟਿਕਟ ’ਤੇ ਜਿੱਤ ਚੁੱਕੇ ਹਨ। ਉਨ੍ਹਾਂ ਨੇ ਸਾਬਕਾ ਸਨਅਤ ਮੰਤਰੀ ਐੱਮਓਐੱਚਐੱਫ ਸ਼ਾਹਜਹਾਂ ਨੂੰ ਹਰਾਇਆ। ਉਹ ਇਸੇ ਸਾਲ ਫਰਵਰੀ ’ਚ ਭਾਜਪਾ ’ਚ ਸ਼ਾਮਲ ਹੋਏ ਸਨ।

ਏਆਈਐੱਨਆਰ ਕਾਂਗਰਸ ਉਮੀਦਵਾਰ ਯੂ. ਲਕਸ਼ਮੀਕੰਧਨ ਨੇ ਐਂਬਲਮ (ਰਾਖਵਾਂ) ਸੀਟ ਤੋਂ ਕਾਂਗਰਸ ਉਮੀਦਵਾਰ ਤੇ ਸਾਬਕਾ ਕਲਿਆਣ ਮੰਤਰੀ ਐੱਮ. ਕੰਡਾਸਾਮੀ ਨੂੰ ਹਰਾਇਆ। ਕਾਂਗਰਸ ਦੇ ਐੱਮ. ਵੈਥੀਨਾਥਨ ਨੇ ਲਾਸਪੇਟ ਸੀਟ ’ਤੇ ਭਾਜਪਾ ਦੀ ਪੁੱਡੂਚੇਰੀ ਇਕਾਈ ਦੇ ਪ੍ਰਧਾਨ ਵੀ. ਸਾਮੀਨਾਥਨ ਨੂੰ ਹਰਾ ਦਿੱਤਾ। ਸਾਮੀਨਾਥਨ ਪਿਛਲੀ ਵਿਧਾਨ ਸਭਾ ’ਚ ਨਾਮਜ਼ਦ ਵਿਧਾਇਕ ਸਨ। ਜਦਕਿ ਵੈਥੀਨਾਥਨ ਕੁਝ ਮਹੀਨੇ ਪਹਿਲਾਂ ਏਆਈਐੱਨਆਰਸੀ ਛੱਡ ਕੇ ਕਾਂਗਰਸ ’ਚ ਸ਼ਾਮਲ ਹੋਏ ਸਨ।

Posted By: Sunil Thapa