ਨਵੀਂ ਦਿੱਲੀ (ਪੀਟੀਆਈ) : ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਮੰਗਲਵਾਰ ਨੂੰ ਕਿਹਾ ਕਿ ਜਨਹਿੱਤ ਪਟੀਸ਼ਨਾਂ ਨਿੱਜੀ, ਆਰਥਿਕ ਤੇ ਸਿਆਸੀ ਹਿੱਤਾਂ ਲਈ ਨਿੱਜੀ ਹਿੱਤ ਪਟੀਸ਼ਨਾਂ ਨਹੀਂ ਬਣਨੀਆਂ ਚਾਹੀਦੀਆਂ। ਹਾਲਾਂਕਿ ਵਿਆਪਕ ਜਨਹਿੱਤ 'ਚ ਇਨ੍ਹਾਂ ਨੂੰ ਦਾਇਰ ਕਰਨ 'ਚ ਕੋਈ ਬੁਰਾਈ ਨਹੀਂ ਹੈ। ਵੀਡੀਓ ਕਾਨਫਰੰਸਿੰਗ ਜ਼ਰੀਏ ਆਂਧਰ ਯੂਨੀਵਰਸਿਟੀ ਦੇ ਡਾ. ਬੀਆਰ ਅੰਬੇਡਕਰ ਕਾਲਜ ਆਫ ਲਾਅ ਦੀ ਪਲੈਟੀਨਮ ਜੁਬਲੀ ਮੀਟ ਨੂੰ ਸੰਬੋਧਨ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਸਮੇਤ ਵੱਖ-ਵੱਖ ਅਦਾਲਤਾਂ 'ਚ ਪੈਂਡਿੰਗ ਮਾਮਲਿਆਂ ਦੀ ਵਧਦੀ ਗਿਣਤੀ 'ਤੇ ਚਿੰਤਾ ਪ੍ਰਗਟ ਕੀਤੀ ਤੇ ਸਰਕਾਰ ਤੇ ਨਿਆਪਾਲਿਕਾ ਨੂੰ ਤੁਰੰਤ ਇਨਸਾਫ਼ ਯਕੀਨੀ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨਿਆ ਪ੍ਰਕਿਰਿਆ ਨੂੰ ਸਸਤਾ ਤੇ ਤੇਜ਼ ਬਣਾਉਣ ਦੀ ਲੋੜ ਨੂੰ ਰੇਖਾਂਕਿਤ ਕਰਦਿਆਂ ਕਿਹਾ ਕਿ ਮਾਮਲਿਆਂ ਨੂੰ ਮੁਲਤਵੀ ਕੀਤੇ ਜਾਣ ਨਾਲ ਨਿਆਂ ਮਹਿੰਗਾ ਹੋ ਜਾਂਦਾ ਹੈ।

ਉਨ੍ਹਾਂ ਕਾਨੂੰਨ ਦੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਬੇਜ਼ੁਬਾਨਾਂ ਦੀ ਆਵਾਜ਼ ਬਣਨ ਤੇ ਆਪਣੀ ਕਾਨੂੰਨੀ ਜਾਣਕਾਰੀ ਦੀ ਵਰਤੋਂ ਗਰੀਬਾਂ ਨੂੰ ਮਜ਼ਬੂਤ ਬਣਾਉਣ 'ਚ ਕਰਨ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਗਰੀਬਾਂ ਲਈ ਕਾਨੂੰਨੀ ਸਹਾਇਤਾ ਲਈ ਵਚਨਬੱਧ ਹੋਣ। ਉਪ ਰਾਸ਼ਟਰਪਤੀ ਨੇ ਕਿਹਾ ਕਿ ਪੇਸ਼ੇਵਰ ਤੇ ਨੈਤਿਕ ਆਚਰਨ ਵਿਕਸਤ ਕਰਦਿਆਂ ਉਹ ਨਿਡਰ ਤੇ ਨਿਰਪੱਖ ਬਣਨ। ਜਿੱਥੇ ਵੀ ਬੇਇਨਸਾਫ਼ੀ ਹੋਵੇ, ਉਸ ਖਿਲਾਫ਼ ਲੜਨ। ਉਨ੍ਹਾਂ ਕਿਹਾ ਕਿ ਕਾਨੂੰਨ ਸੌਖੇ ਹੋਣੇ ਚਾਹੀਦੇ ਹਨ, ਨਾਲ ਹੀ ਉਸ ਦਾ ਇਰਾਦਾ ਤੇ ਮਕਸਦ ਵੀ ਬਿਲਕੁੱਲ ਸਪੱਸ਼ਟ ਹੋਣਾ ਚਾਹੀਦਾ ਹੈ।