ਸਟਾਫ ਰਿਪੋਰਟਰ, ਆਗਰਾ : ਜਾਨਲੇਵਾ ਸਾਬਿਤ ਹੋ ਰਹੇ ਪੱਬਜੀ ਗੇਮ ਨੇ ਮੰਗਲਵਾਰ ਨੂੰ ਇਕ ਹੋਰ ਨੌਜਵਾਨ ਦੀ ਜਾਨ ਲੈ ਲਈ। ਸਵਰਣ ਜਯੰਤੀ ਐਕਸਪ੍ਰੈੱਸ 'ਚ ਪੱਬਜੀ ਗੇਮ ਖੇਡ ਰਿਹਾ ਨੌਜਵਾਨ ਪਾਣੀ ਦੀ ਥਾਂ ਕੈਮੀਕਲ ਪੀ ਗਿਆ। ਮੈਡੀਕਲ ਮਦਦ ਮਿਲਣ ਤੋਂ ਪਹਿਲਾਂ ਉਸ ਦੀ ਮੌਤ ਹੋ ਗਈ।

ਗਵਾਲੀਅਰ 'ਚ ਚੰਦਰਵਨੀ ਨਾਕਾ, ਥਾਣਾ ਝਾਂਸੀ ਰੋਡ ਦੇ ਰਹਿਣ ਵਾਲੇ ਚਾਂਦੀ ਕਾਰੋਬਾਰੀ 20 ਸਾਲਾ ਸੌਰਭ ਯਾਦਵ ਆਪਣੇ ਗੁਆਂਢ 'ਚ ਰਹਿਣ ਵਾਲੇ ਦੋਸਤ ਸੰਤੋਸ਼ ਸ਼ਰਮਾ ਨਾਲ ਸਵਰਣ ਜੈਅੰਤੀ ਐਕਸਪ੍ਰੈੱਸ 'ਚ ਆਗਰਾ ਆ ਰਹੇ ਸਨ। ਸੰਤੋਸ਼ ਮੁਤਾਬਕ, ਉਨ੍ਹਾਂ ਨੂੰ ਆਗਰਾ ਦੇ ਸਰਾਫ਼ਾ ਬਾਜ਼ਾਰ 'ਚ ਕੰਮ ਸੀ। ਸੌਰਭ ਵੀ ਉਨ੍ਹਾਂ ਦੇ ਨਾਲ ਆ ਗਿਆ। ਸੌਰਭ ਕੋਲ ਇਕ ਬੈਗ ਸੀ। ਬੈਗ 'ਚ ਇਕ ਬੋਤਲ 'ਚ ਚਾਂਦੀ ਸਾਫ਼ ਕਰਨ ਦਾ ਕੈਮੀਕਲ ਤੇ ਇਕ ਬੋਤਲ 'ਚ ਪਾਣੀ ਸੀ। ਦੋਵੇਂ ਗਵਾਲੀਅਰ ਤੋਂ ਜਨਰਲ ਬੋਗੀ 'ਚ ਬੈਠ ਗਏ। ਸੌਰਭ ਹੇਠਾਂ ਸੀਟ 'ਤੇ ਬੈਠ ਗਿਆ। ਸੰਤੋਸ਼ ਨੇ ਕਿਹਾ ਕਿ ਸੌਰਭ ਕੰਨ ਵਿਚ ਲੀਡ ਲਗਾ ਕੇ ਮੋਬਾਈਲ 'ਤੇ ਪੱਬਜੀ ਗੇਮ ਖੇਡ ਰਿਹਾ ਸੀ ਤੇ ਛੋਲੇ ਖਾ ਰਿਹਾ ਸੀ। ਥੋੜ੍ਹੀ ਦੇਰ ਬਾਅਦ ਪਾਣੀ ਪੀਣ ਲਈ ਉਸਨੇ ਬੈਗ 'ਚੋਂ ਬੋਤਲ ਕੱਢੀ। ਉਸਦੇ ਹੱਥ 'ਚ ਪਾਣੀ ਦੀ ਥਾਂ ਕੈਮੀਕਲ ਦੀ ਬੋਤਲ ਆ ਗਈ, ਜਿਸਨੂੰ ਉਹ ਬਿਨਾ ਦੇਖੇ ਪੀ ਗਿਆ। ਥੋੜ੍ਹੀ ਦੇਰ 'ਚ ਉਸਦੀ ਤਬੀਅਤ ਵਿਗੜ ਗਈ ਤੇ ਉਹ ਉਲਟੀ ਕਰਨ ਲੱਗ ਪਿਆ। ਮੁਰੈਨਾ ਸਟੇਸ਼ਨ 'ਤੇ ਮੈਡੀਕਲ ਸਹਾਇਤਾ ਨਹੀਂ ਮਿਲ ਸਕੀ। ਰੇਲ ਗੱਡੀ 'ਚ ਹੀ ਨੌਜਵਾਨ ਦੀ ਮੌਤ ਹੋ ਗਈ। ਦੁਪਹਿਰ ਕਰੀਬ ਸਾਢੇ ਤਿੰਨ ਵਜੇ ਟ੍ਰੇਨ ਆਗਰਾ ਕੈਂਟ ਸਟੇਸ਼ਨ 'ਤੇ ਪਹੁੰਚੀ। ਜੀਆਰਪੀ ਦੇ ਇੰਸਪੈਕਟਰ ਵਿਜੇ ਸਿੰਘ ਨੇ ਲਾਸ਼ ਨੁੰ ਉਤਾਰਿਆ। ਸੌਰਭ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਗਈ। ਇੰਸਪੈਕਟਰ ਨੇ ਕਿਹਾ ਕਿ ਸੰਤੋਸ਼ ਨੇ ਨੌਜਵਾਨ ਦ ਗੇਮ ਖੇਡਦੇ ਸਮੇਂ ਕੈਮੀਕਲ ਪੀਣ ਦੀ ਗੱਲ ਕਹੀ ਹੈ। ਕੈਮੀਕਲ ਦੀ ਬੋਤਲ ਨੂੰ ਜ਼ਬਤ ਕਰ ਲਿਆ ਗਿਆ ਹੈ। ਉਸਨੂੰ ਜਾਂਚ ਲਈ ਭੇਜਿਆ ਜਾਵੇਗਾ। ਦੇਰ ਸ਼ਾਮ ਸੌਰਭ ਦੇ ਪਰਿਵਾਰਕ ਮੈਂਬਰ ਵੀ ਆਗਰਾ ਪਹੁੰਚ ਗਏ।

Posted By: Seema Anand