ਨਵੀਂ ਦਿੱਲੀ, ਏਐੱਨਆਈ : ਨਾਗਰਿਕਤਾ ਸੋਧ ਕਾਨੂੰਨ ਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ ਖ਼ਿਲਾਫ਼ ਪਿਛਲੇ 3 ਮਹੀਨਿਆਂ ਤੋਂ ਦੱਖਣੀ ਦਿੱਲੀ ਦੇ ਸ਼ਾਹੀਨ ਬਾਗ਼ 'ਚ ਚੱਲ ਰਿਹਾ ਪ੍ਰਦਰਸ਼ਨ ਦਿੱਲੀ ਪੁਲਿਸ ਨੇ ਮੰਗਲਵਾਰ ਸਵੇਰੇ ਖ਼ਤਮ ਕਰਵਾ ਦਿੱਤਾ। ਸ਼ਾਹੀਨ ਬਾਗ਼ 'ਚ ਦੋਵਾਂ ਪਾਸਿਆਂ ਦੀਆਂ ਸੜਕਾਂ ਨੂੰ ਸਵੇਰੇ 7 ਵਜੇ ਪੁਲਿਸ ਨੇ ਖ਼ਾਲੀ ਕਰਵਾਇਆ। ਪੁਲਿਸ ਦੀ ਇਸ ਕਾਰਵਾਈ 'ਚ ਸ਼ਾਹੀਨ ਬਾਗ਼ ਤੋਂ ਕੁੱਲ 9 ਲੋਕ ਹਿਰਾਸਤ 'ਚ ਲਏ ਗਏ ਜਿਨ੍ਹਾਂ ਵਿਚ 6 ਔਰਤਾਂ ਤੇ 3 ਪੁਰਸ਼ ਸ਼ਾਮਲ ਹਨ। ਦਿੱਲੀ ਪੁਲਿਸ ਦਾ ਮੰਨਣਾ ਹੈ ਕਿ ਲਾਕਡਾਊਨ ਤੇ ਦਿੱਲੀ 'ਚ ਧਾਰਾ 144 ਲਾਗੂ ਹੋਣ ਦੌਰਾਨ ਲਾਜ਼ਮੀ ਵਸਤਾਂ ਤੇ ਐਮਰਜੈਂਸੀ ਵਾਹਨਾਂ ਦੀ ਆਵਾਜਾਈ 'ਚ ਦਿੱਕਤ ਨਾ ਹੋਵੇ, ਇਸ ਲਈ ਇਹ ਕਾਰਵਾਈ ਕੀਤੀ ਗਈ ਹੈ।

ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਤੇ ਖ਼ਤਰੇ ਦੇ ਮੱਦੇਨਜ਼ਰ ਦਿੱਲੀ ਪੂਰੀ ਤਰ੍ਹਾਂ ਲਾਕਡਾਊਨ ਤੇ ਫਿਲਹਾਲ ਧਾਰਾ 144 ਲਾਗੂ ਹੈ। ਇਸੇ ਦੀ ਪਾਲਣਾ ਕਰਵਾਉਣ ਲਈ ਮੰਗਲਵਾਰ ਸਵੇਰੇ ਸ਼ਾਹੀਨ ਬਾਗ਼ 'ਚ ਧਰਨੇ ਵਾਲੀ ਥਾਂ ਪਹੁੰਚੀ ਪੁਲਿਸ ਨੇ ਪਹਿਲਾਂ ਤਾਂ ਧਰਨਾ ਖ਼ਤਮ ਕਰਨ ਦੀ ਗੁਜ਼ਾਰਿਸ਼ ਕੀਤੀ ਤੇ ਫਿਰ ਵਿਰੋਧ ਕਰਨ 'ਤੇ ਉੱਥੇ ਮੌਜੂਦ 9 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ। ਇਸ ਤੋਂ ਬਾਅਦ ਇੱਥੇ ਦੋਵਾਂ ਪਾਸਿਆਂ ਦੀਆਂ ਲੜਕਾਂ ਪੂਰੀ ਤਰ੍ਹਾਂ ਖ਼ਾਲੀ ਕਰਵਾ ਲਿਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਸਵੇਰੇ ਪਹੁੰਚੀ ਦਿੱਲੀ ਪੁਲਿਸ ਨੇ ਪਹਿਲਾਂ ਧਰਨੇ 'ਤੇ ਬੈਠੇ ਕੁਝ ਲੋਕਾਂ ਨੂੰ ਗੁਜ਼ਾਰਿਸ਼ ਕੀਤੀ ਤੇ ਫਿਰ ਚਿਤਾਵਨੀ ਦਿੱਤੀ। ਨਾ ਮੰਨਣ 'ਤੇ 9 ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਇਸ ਤੋਂ ਬਾਅਦ ਧਰਨੇ ਵਾਲੀ ਥਾਂ ਤੋਂ ਟੈਂਟ, ਕੁਰਸੀਆਂ, ਮੇਜ਼ ਆਦਿ ਹਟਾਏ ਗਏ ਹਨ।

Posted By: Seema Anand