ਸਟੇਟ ਬਿਊਰੋ, ਜੰਮੂੁ : ਲੱਦਾਖ ਦੇ ਕਾਰਗਿਲ ਜ਼ਿਲ੍ਹੇ 'ਚ ਡਵੀਜ਼ਨ ਹੈੱਡਕੁਆਰਟਰ ਬਣਾਉਣ ਦੀ ਮੰਗ ਨੂੰ ਲੈ ਕੇ ਅੰਦੋਲਨ ਤੇਜ਼ ਕਰਦਿਆਂ ਕਾਰਗਿਲ ਦੇ ਲੋਕਾਂ ਨੇ ਮਨਫ਼ੀ 17 ਡਿਗਰੀ ਤਾਪਮਾਨ 'ਚ ਨਵੇਂ ਡਵੀਜ਼ਨਲ ਕਮਿਸ਼ਨ ਨੂੰ ਇਲਾਕੇ 'ਚ ਆਉਣ ਤੋਂ ਰੋਕਿਆ ਤੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ। ਸੂਬੇ 'ਚ ਰਾਸ਼ਟਰਪਤੀ ਸ਼ਾਸਨ ਕਾਰਨ ਅੱਠ ਫਰਵਰੀ ਨੂੰ ਰਾਜਪਾਲ ਸੱਤਿਆਪਾਲ ਮਲਿਕ ਨੇ ਲੱਦਾਖ ਨੂੰ ਡਵੀਜ਼ਨ ਤੇ ਲੇਹ ਨੂੰ ਇਸ ਦਾ ਹੈੱਡਕੁਆਰਟਰ ਬਣਾਉਣ ਦਾ ਆਦੇਸ਼ ਜਾਰੀ ਕੀਤਾ ਸੀ। ਇਸ ਤੋਂ ਬਾਅਦ ਤੋਂ ਕਾਰਗਿਲ ਦੇ ਲੋਕ ਸੜਕਾਂ 'ਤੇ ਹਨ। ਲੋਕਾਂ ਦੀ ਮੰਗ ਹੈ ਕਿ ਲੇਹ ਤੇ ਕਾਰਗਿਲ ਜ਼ਿਲਿ੍ਹਆਂ ਨੂੰ ਰੋਟੇਸ਼ਨ 'ਤੇ ਛੇ ਛੇ ਮਹੀਨੇ ਲਈ ਡਵੀਜ਼ਨ ਹੈੱਡਕੁਆਰਟਰ ਬਣਾਇਆ ਜਾਵੇ। ਕਾਰਗਿਲ ਵਾਸੀਆਂ ਨੂੰ ਲੇਹ ਨੂੰ ਸਥਾਈ ਤੌਰ 'ਤੇ ਲੱਦਾਖ ਦਾ ਡਵੀਜ਼ਨਲ ਹੈੱਡਕੁਆਟਰ ਬਣਾਉਣਾ ਮਨਜ਼ੂਰ ਨਹੀਂ ਹੈ।

ਮੰਗਲਵਾਰ ਨੂੰ ਹਜ਼ਾਰਾਂ ਲੋਕਾਂ ਨੇ ਕਾਰਗਿਲ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪ੍ਦਰਸ਼ਨ ਕਰ ਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਲੋਕਾਂ ਦੀਆਂ ਜਾਇਜ਼ ਮੰਗਾਂ ਨਾ ਮੰਨੇ ਜਾਣ ਦੀ ਸਥਿਤੀ 'ਚ ਅੰਦੋਲਨ ਦੇ ਘੇਰੇ ਨੂੰ ਹੋਰ ਵਧਾਇਆ ਜਾਵੇਗਾ। ਇਸ ਤੋਂ ਪਹਿਲਾਂ ਸੋਮਵਾਰ ਸ਼ਾਮ ਨੂੰ ਵੀ ਲੱਦਾਖ ਡਵੀਜ਼ਨ ਦੇ ਨਵੇਂ ਡਵੀਜ਼ਨਲ ਕਮਿਸ਼ਨਰ ਨੇ ਸ਼ਾਮ ਨੂੰ ਕਾਰਗਿਲ 'ਚ ਆਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਭੀੜ ਨੇ ਉਨ੍ਹਾਂ ਦਾ ਰਾਹ ਰੋਕ ਕੇ ਉਨ੍ਹਾਂ ਨੂੰ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ। ਭੜਕੇ ਲੋਕਾਂ ਨੇ ਕਾਰਗਿਲ 'ਚ ਰਾਤ ਨੂੰ ਕੜਾਕੇ ਦੀ ਠੰਢ 'ਚ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ। ਇਨ੍ਹਾਂ ਪ੍ਦਰਸ਼ਨਾਂ ਨੂੰ ਪੀਪੁਲਸ ਡੈਮੋਕ੍ਰੇਟਿਕ ਪਾਰਟੀ ਤੇ ਨੈਸ਼ਨਲ ਕਾਨਫਰੰਸ ਵੱਲੋਂ ਹਮਾਇਤ ਦਿੱਤੀ ਜਾ ਰਹੀ ਹੈ।

ਇਸੇ ਦਰਮਿਆਨ, ਮੰਗਲਵਾਰ ਨੂੰ ਕਾਰਗਿਲ ਤੀਜੇ ਦਿਨ ਵੀ ਬੰਦ ਰਿਹਾ। ਸਰਕਾਰੀ ਦਫ਼ਤਰ ਵੀ ਨਹੀਂ ਖੁੱਲ੍ਹੇ। ਭੜਕੇ ਲੋਕਾਂ ਨੇ ਟਾਇਰ ਸਾੜ ਕੇ ਕਾਰਗਿਲ ਦੀ ਸੜਕ ਨੂੰ ਵੀ ਬੰਦ ਕਰ ਦਿੱਤਾ। ਲੋਕਾਂ ਨੇ ਕਿਹਾ ਕਿ ਅੰਦੋਲਨ ਤਾਂ ਹੀ ਰੁਕੇਗਾ ਜਦੋਂ ਡਵੀਜ਼ਨ ਦਾ ਹੈੱਡਕੁਆਰਟਰ ਕਾਰਗਿਲ ਤੇ ਲੇਹ 'ਚ ਛੇ-ਛੇ ਮਹੀਨਿਆਂ ਲਈ ਬਣਨਾ ਤੈਅ ਹੋ ਜਾਵੇਗਾ।