ਲਖਨਊ : ਪਾਰਟੀ ਪ੍ਧਾਨ ਰਾਹੁਲ ਗਾਂਧੀ ਨਾਲ ਆਪਣੀ ਸਿਆਸੀ ਯਾਤਰਾ ਸ਼ੁਰੂ ਕਰਨ ਰਾਜਧਾਨੀ ਪੁੱਜੀ ਕਾਂਗਰਸ ਦੀ ਜਨਰਲ ਸਕੱਤਰ ਪਿ੍ਅੰਕਾ ਗਾਂਧੀ ਆਪਣੇ ਪਹਿਲੇ ਹੀ ਰੋਡ ਸ਼ੋਅ 'ਚ ਲੋਕਾਂ ਦੇ ਦਿਲੋ-ਦਿਮਾਗ਼ 'ਤੇ ਛਾਅ ਗਈ। ਹਵਾਈ ਅੱਡੇ ਤੋਂ ਪਾਰਟੀ ਹੈੱਡਕੁਆਰਟਰ ਤਕ ਪੰਜ ਘੰਟਿਆਂ ਦੀ ਯਾਤਰਾ 'ਚ ਉਨ੍ਹਾਂ ਦੀ ਇਕ ਝਲਕ ਲਈ ਲੋਕ ਸੜਕਾਂ ਦੇ ਦੋਵੇਂ ਪਾਸੇ ਬੇਕਰਾਰ ਨਜ਼ਰ ਆਏ। ਆਪਣੇ ਚਾਰ ਦਿਨਾਂ ਦੀ ਠਾਹਰ ਦੇ ਪਹਿਲੇ ਦਿਨ ਪਿ੍ਅੰਕਾ ਨੇ ਇਕ ਵੀ ਸ਼ਬਦ ਨਹੀਂ ਬੋਲਿਆ ਪਰ ਉਨ੍ਹਾਂ ਦੇ ਹਾਵ-ਭਾਵ ਤੇ ਅੰਦਾਜ਼ ਨੇ ਇਹ ਸੰਕੇਤ ਦੇ ਦਿੱਤੇ ਕਿ ਉਹ ਸੂਬੇ ਦੀ ਸਿਆਸਤ ਵਿਚ ਡੂੰਘਾ ਅਸਰ ਪਾਉਣ ਜਾ ਰਹੀ ਹੈ।

ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਇਸ ਵੱਡੇ ਰੋਡ ਸ਼ੋਅ 'ਚ ਪਿ੍ਅੰਕਾ ਨਾਲ ਦੂਜੇ ਜਨਰਲ ਸਕੱਤਰ ਜੋਤੀਰਾਦਿੱਤਿਆ ਸਿੰਧੀਆ ਵੀ ਸਨ ਪਰ ਖਿੱਚ ਦਾ ਕੇਂਦਰ ਪਿ੍ਅੰਕਾ ਹੀ ਰਹੀ। ਇਕ ਬੱਸ ਉੱਪਰ ਪਿ੍ਅੰਕਾ ਨਾਲ ਰਾਹੁਲ, ਜੋਤੀਰਾਦਿੱਤਿਆ ਸਿੰਧੀਆ ਤੇ ਰਾਜ ਬੱਬਰ ਸਮੇਤ ਕਾਂਗਰਸ ਦੇ ਕਈ ਵੱਡੇ ਆਗੂ ਮੌਜੂਦ ਸਨ। ਪਿ੍ਅੰਕਾ ਸਾਰੇ ਰਸਤੇ ਹੱਥ ਹਿਲਾ ਕੇ ਲੋਕਾਂ ਵਿਚ ਜੋਸ਼ ਭਰਦੀ ਰਹੀ।

ਬਰਲਿੰਗਟਨ ਚੌਕ ਨੇੜੇ ਜਦੋਂ ਬਿਜਲੀ ਦੀਆਂ ਤਾਰਾਂ ਕਾਰਨ ਬੱਸ ਅੱਗੇ ਨਾ ਵਧ ਸਕੀ ਤਾਂ ਉਹ ਬੜੀ ਸਹਿਜਤਾ ਨਾਲ ਐੱਸਯੂਵੀ ਦੀ ਛੱਤ 'ਤੇ ਆ ਗਏ। ਰਾਹ ਵਿਚ ਲਾਲ ਬਾਗ਼ 'ਚ ਇਕ ਛੋਟੀ ਜਿਹੀ ਰੈਲੀ ਸੀ। ਇੱਥੇ ਬੋਲਣ ਦੀ ਜ਼ਿੰਮੇਵਾਰੀ ਪਾਰਟੀ ਪ੍ਧਾਨ ਰਾਹੁਲ ਗਾਂਧੀ ਨੇ ਹੀ ਨਿਭਾਈ। ਭੈਣ ਦੀ ਮੌਜੂਦਗੀ ਵਿਚ ਪ੍ਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਉਹ ਜ਼ਿਆਦਾ ਹਮਲਾਵਰ ਨਜ਼ਰ ਆਏ। ਲਾਲ ਬਾਗ਼ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਚੌਕੀਦਾਰ ਚੋਰ ਹੈ ਦੇ ਨਾਅਰੇ ਵੀ ਲਗਵਾਏ ਤੇ ਕਿਹਾ ਕਿ ਅਸੀਂ ਹੁਣ 'ਫਰੰਟ ਫੁੱਟ' 'ਤੇ ਖੇਡਾਂਗੇ। ਬੈਕਫੁਟ ਦਾ ਵੇਲਾ ਲੰਘ ਗਿਆ।

ਸਪਾ-ਬਸਪਾ ਤੋਂ ਦੂਰ ਰਹਿਣ ਦਾ ਸੰਕੇਤ

ਪਿ੍ਅੰਕਾ ਦੇ ਆਉਣ ਕਾਰਨ ਪਾਰਟੀ ਹੈੱਡਕੁਆਰਟਰ 'ਚ ਵੱਡੀ ਭੀੜ ਜਮ੍ਹਾਂ ਸੀ। ਜੋਤੀਰਾਦਿੱਤਿਆ ਸਿੰਧੀਆ, ਪਿ੍ਅੰਕਾ ਤੇ ਰਾਜ ਬੱਬਰ ਦੀ ਮੌਜੂਦਗੀ ਵਿਚ ਇੱਥੇ ਵੀ ਬੋਲਣ ਦੀ ਕਮਾਨ ਰਾਹੁਲ ਗਾਂਧੀ ਨੇ ਹੀ ਸੰਭਾਲੀ। ਉਨ੍ਹਾਂ ਕਿਹਾ ਕਿ ਅਸੀਂ ਸੂਬੇ 'ਚ ਕਾਂਗਰਸ ਦੀ ਸਰਕਾਰ ਬਣਉਣ ਤਕ ਚੈਨ ਨਾਲ ਨਹੀਂ ਬੈਠਾਂਗੇ। ਉਨ੍ਹਾਂ ਪਿ੍ਅੰਕਾ ਤੇ ਜੋਤੀਰਾਦਿੱਤਿਆ ਨੂੰ ਸੂਬੇ ਦੇ ਇੰਚਾਰਜ ਦੇ ਰੂਪ 'ਚ ਫਰੰਟ ਫੁਟ 'ਤੇ ਹੀ ਖੇਡਣ ਦੇ ਨਿਰਦੇਸ਼ ਦਿੱਤੇ। ਸਪਾ-ਬਸਪਾ ਗਠਜੋੜ ਤੋਂ ਦੂਰੀ ਰੱਖਣ ਦਾ ਸੰਕੇਤ ਦਿੰਦਿਆਂ ਕਿਹਾ ਕਿ ਅਖਿਲੇਸ਼-ਮਾਇਆਵਤੀ ਦਾ ਪੂਰਾ ਆਦਰ ਹੈ ਪਰ ਯੂਪੀ ਬਦਲਣ ਲਈ ਕਾਂਗਰਸ ਪੂਰੀ ਤਾਕਤ ਨਾਲ ਲੜੇਗੀ।

ਕਈ ਮੁੱਦਿਆਂ 'ਤੇ ਦੇਣਾ ਪਵੇਗਾ ਭਾਜਪਾ ਨੂੰ ਜਵਾਬ : ਰਾਹੁਲ

ਪੰਜ ਘੰਟੇ ਤੋਂ ਜ਼ਿਆਦਾ ਸਮੇਂ ਤਕ ਚੱਲੇ ਰੋਡ ਸ਼ੋਅ ਤੋਂ ਬਾਅਦ ਵੀ ਰਾਹੁਲ ਗਾਂਧੀ ਜੋਸ਼ ਨਾਲ ਲਬਰੇਜ਼ ਸਨ। ਉਨ੍ਹਾਂ ਨੇ ਵਰਕਰਾਂ 'ਚ ਵੀ ਜੋਸ਼ ਭਰਿਆ ਕਿ ਭਾਜਪਾ ਵਿਰੋਧੀ ਮੁੱਦਿਆਂ ਦੀ ਕਮੀ ਨਹੀਂ ਹੈ ਜਿਨ੍ਹਾਂ ਦਾ ਜਵਾਬ ਉਨ੍ਹਾਂ ਨੂੰ ਦੇਣਾ ਪਵੇਗਾ। ਪ੍ਧਾਨ ਮੰਤਰੀ ਲਗਾਤਾਰ ਝੂਠ ਬੋਲਦੇ ਰਹੇ ਹਨ। ਰਾਫੇਲ ਘੁਟਾਲੇ ਤੋਂ ਲੈ ਕੇ 15 ਵੱਡੇ ਪੂੰਜੀਪਤੀਆਂ ਦਾ ਤਿੰਨ ਲੱਖ ਕਰੋੜ ਦਾ ਕਰਜ਼ਾ ਮਾਫ਼ ਕਰਨਾ, ਕਿਸਾਨਾਂ ਨੂੰ ਧੋਖਾ ਦੇਣਾ, ਹਰ ਸਾਲ ਦੋ ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਸੁਪਨਾ ਵਿਖਾਉਣਾ, ਰੱਖਿਆ ਸੌਦਿਆਂ 'ਚ ਭਿ੍ਸ਼ਟਾਚਾਰ ਤੇ ਅਨਿਲ ਅੰਬਾਨੀ ਨੂੰ 30 ਹਜ਼ਾਰ ਕਰੋੜ ਰੁਪਏ ਦਾ ਲਾਭ ਦਿਵਾਉਣ ਵਰਗੇ ਮੁੱਦੇ ਪੂਰੇ ਦੇਸ਼ ਦੇ ਸਾਹਮਣੇ ਲਿਆਉਣੇ ਪੈਣਗੇ।

ਹਵਾ ਹਵਾਈ ਆਗੂ ਹੁਣ ਨਹੀਂ ਚੱਲਣਗੇ

ਸੂਬੇ 'ਚ ਨਵੀਂ ਟੀਮ ਖੜ੍ਹੀ ਕਰਨ ਦਾ ਇਸ਼ਾਰਾ ਕਰਦਿਆਂ ਰਾਹੁਲ ਨੇ ਪਿ੍ਅੰਕਾ ਤੇ ਸਿੰਧੀਆ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭ ਕਾਮਨਾਵਾਂ ਦਿੰਦਿਆਂ ਪਾਰਟੀ ਨੂੰ ਨਵੇਂ ਤੇਵਰਾਂ 'ਚ ਲਿਆਉਣ ਦੀ ਸਲਾਹ ਵੀ ਦਿੱਤੀ। ਉਨ੍ਹਾਂ ਕਿਹਾ ਕਿ ਜ਼ਮੀਨੀ ਵਰਕਰਾਂ ਨੂੰ ਹੀ ਅੱਗੇ ਲਿਆਂਦਾ ਜਾਵੇ। ਹਵਾ ਹਵਾਈ ਆਗੂ ਹੁਣ ਨਹੀਂ ਚੱਲਣੇ ਚਾਹੀਦੇ। ਰਾਹੁਲ ਦੇ ਐਲਾਨ ਦਾ ਸੂਬੇ ਭਰ ਵਿਚੋਂ ਆਏ ਹਜ਼ਾਰਾਂ ਵਰਕਰਾਂ ਨੇ ਤਾੜੀਆਂ ਮਾਰ ਕੇ ਜ਼ੋਰਦਾਰ ਸਵਾਗਤ ਕੀਤਾ।

ਬਿਨਾਂ ਬੋਲਿਆਂ ਬਹੁਤ ਕੁਝ ਕਹਿ ਗਈ ਪਿ੍ਅੰਕਾ

ਪੂਰੇ ਰੋਡ ਸ਼ੋਅ 'ਚ ਪਿ੍ਅੰਕਾ ਗਾਂਧੀ ਇਕ ਵੀ ਸ਼ਬਦ ਬੋਲੇ ਬਿਨਾਂ ਵੀ ਬਹਤ ਕੁਝ ਕਹਿ ਗਈ। ਵਿਚ-ਵਿਚ ਰਾਫੇਲ ਜਹਾਜ਼ ਦੀ ਡੰਮੀ ਦਿਖਾ ਕੇ ਉਨ੍ਹਾਂ ਨੇ ਭਾਜਪਾ 'ਤੇ ਪੂਰੀ ਤਾਕਤ ਨਾਲ ਹਮਲਾਵਰ ਹੋਣ ਦਾ ਸੰਕੇਤ ਦਿੱਤਾ। ਹਜਰਤਗੰਜ ਚੌਕ 'ਤੇ ਸਥਿਤ ਮਹਾਤਮਾ ਗਾਂਧੀ, ਸਰਦਾਰ ਪਟੇਲ ਤੇ ਡਾ. ਅੰਬੇਡਕਰ ਦੀਆਂ ਮੂਰਤੀਆਂ 'ਤੇ ਉਨ੍ਹਾਂ ਹਾਰ ਪਾਏ ਤੇ ਕਾਂਗਰਸ ਹੈੱਡਕੁਆਰਟਰ ਦੇ ਬਾਹਰ ਰਾਜੀਵ ਗਾਂਧੀ ਦੀ ਮੂਰਤੀ 'ਤੇ ਵੀ ਉਨ੍ਹਾਂ ਫੁਲ ਚੜ੍ਹਾਏ। ਦਫ਼ਤਰ ਵਿਚ ਨਵੇਂ ਬਣੇ ਮੀਡੀਆ ਹਾਲ ਦਾ ਉਦਘਾਟਨ ਰਾਹੁਲ ਗਾਂਧੀ ਨੇ ਕੀਤਾ।

Posted By: Susheel Khanna