ਜੇਐੱਨਐੱਨ, ਪ੍ਰਯਾਗਰਾਜ : ਕੋਵਿਡ-19 ਹਸਪਤਾਲ ਵਿਚ ਪਾਣੀ ਦਾ ਸੰਕਟ ਹੋਣ 'ਤੇ ਮਰੀਜ਼ਾਂ ਨੇ 28 ਮਈ ਨੂੰ ਪ੍ਰਦਰਸ਼ਨ ਕੀਤਾ ਸੀ। ਸੋਸ਼ਲ ਮੀਡੀਆ 'ਤੇ ਇਸ ਦਾ ਵੀਡੀਓ ਵੀ ਵਾਇਰਲ ਹੋਇਆ ਸੀ। ਇਸ ਨੂੰ ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੀ ਇੰਚਾਰਜ ਪ੍ਰਿਅੰਕਾ ਵਾਡਰਾ ਨੇ ਸੋਮਵਾਰ ਨੂੰ ਆਪਣੇ ਟਵਿੱਟਰ ਹੈਂਡਲ 'ਤੇ ਸਾਂਝਾ ਕਰਦੇ ਹੋਏ ਸਰਕਾਰ ਤੋਂ ਮੰਗ ਕੀਤੀ ਕਿ ਵਿਵਸਥਾਵਾਂ ਦਰੁੱਸਤ ਕੀਤੀਆਂ ਜਾਣ। ਹਾਲਾਂਕਿ, ਅਫਸਰਾਂ ਨੇ ਪਹੁੰਚ ਕੇ ਟੋਂਟੀ ਸਮੇਤ ਹੋਰ ਸਮੱਸਿਆਵਾਂ ਨੂੰ ਉਸੇ ਦਿਨ ਠੀਕ ਕਰਵਾ ਦਿੱਤਾ ਸੀ।

ਪ੍ਰਯਾਗਰਾਜ ਦੇ ਹਨੂੰਮਾਨਗੰਜ ਦੇ ਕੋਟਵਾ 'ਚ ਸਥਿਤ ਕੋਵਿਡ-19 ਲੇਵਲ-ਵਨ ਹਸਪਤਾਲ ਵਿਚ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਣ 'ਤੇ ਉਥੇ ਭਰਤੀ ਮਰੀਜ਼ਾਂ ਨੇ ਹਸਪਤਾਲ 'ਚੋਂ ਬਾਹਰ ਨਿਕਲ ਕੇ ਪ੍ਰਦਰਸ਼ਨ ਕੀਤਾ ਸੀ। ਪ੍ਰਦਰਸ਼ਨ ਦੀ ਜਾਣਕਾਰੀ 'ਤੇ ਪੁੱਜੇ ਅਫਸਰਾਂ ਨੇ ਸ਼ਾਮ ਤਕ ਵਿਵਸਥਾ ਦਰੁੱਸਤ ਕਰਵਾ ਦਿੱਤੀ ਸੀ। ਇਸ ਵਿਚਾਲੇ ਹੰਗਾਮੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਬਾਅਦ ਵਿਚ ਸਥਾਨਕ ਕਾਂਗਰਸੀ ਨੇਤਾ ਹਸੀਬ ਅਹਿਮਦ ਨੇ ਇਹ ਵੀਡੀਓ ਪ੍ਰਿਅੰਕਾ ਤਕ ਪਹੁੰਚਾਇਆ ਅਤੇ ਮਾਮਲੇ ਦੀ ਜਾਣਕਾਰੀ ਦਿੱਤੀ।

ਇਸ 'ਤੇ ਸੋਮਵਾਰ ਨੂੰ ਪ੍ਰਿਅੰਕਾ ਨੇ ਚਾਰ ਦਿਨ ਪੁਰਾਣਾ ਵੀਡੀਓ ਆਪਣੇ ਟਵਿੱਟਰ ਹੈਂਡਲ 'ਤੇ ਸਾਂਝਾ ਕੀਤਾ। ਉਨ੍ਹਾਂ ਲਿਖਿਆ ਕਿ 'ਪ੍ਰਯਾਗਰਾਜ ਦੇ ਕੋਟਵਾ ਕਮਿਊਨਿਟੀ ਸਿਹਤ ਕੇਂਦਰ ਵਿਚ ਮੌਜੂਦ ਮਰੀਜ਼ ਸਹੂਲਤਾਂ ਦਾ ਬੁਰਾ ਹਾਲ ਬਿਆਨ ਕਰ ਰਹੇ ਹਨ। ਜ਼ਮੀਨ ਦੀ ਸੱਚਾਈ ਮੁੱਖ ਮੰਤਰੀ ਦੇ ਪ੍ਰਚਾਰ ਤੋਂ ਇਕਦਮ ਵੱਖਰੀ ਹੈ। ਯੂਪੀ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਅਜਿਹੇ ਵਿਚ ਇਨ੍ਹਾਂ ਸਹੂਲਤਾਂ ਨੂੰ ਸੁਧਾਰਨਾ ਬਹੁਤ ਜ਼ਰੂਰੀ ਹੈ।'