ਨਵੀਂ ਦਿੱਲੀ (ਪੀਟੀਆਈ) : ਕਾਂਗਰਸੀ ਆਗੂ ਪਿ੍ਰਅੰਕਾ ਗਾਂਧੀ ਵਾਡਰਾ ਦੀ ਦਿੱਲੀ ਦੀ ਲੋਧੀ ਅਸਟੇਟ ਸਥਿਤ ਕੋਠੀ 'ਚ ਸੁਰੱਖਿਆ ਘੇਰਾ ਤੋੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿਛਲੇ ਹਫ਼ਤੇ ਕਾਰ 'ਚ ਸਵਾਰ ਸੱਤ ਲੋਕ ਬਿਨਾਂ ਪ੍ਰਵਾਨਗੀ ਉਨ੍ਹਾਂ ਦੀ ਕੋਠੀ ਵਿਚ ਚਲੇ ਗਏ ਸਨ ਤੇ ਉਨ੍ਹਾਂ ਨਾਲ ਫੋਟੋ ਖਿਚਵਾਉਣ ਦੀ ਬੇਨਤੀ ਕੀਤੀ ਸੀ। ਕੇਂਦਰੀ ਗ੍ਹਿ ਰਾਜ ਮੰਤਰੀ ਜੀ ਕਿਸ਼ਨ ਰੈੱਡੀ ਨੇ ਕਿਹਾ ਕਿ ਉਨ੍ਹਾਂ ਨੂੰ ਪਿ੍ਰਅੰਕਾ ਦੀ ਸੁਰੱਖਿਆ 'ਚ ਉਕਾਈ ਬਾਰੇ ਜਾਣਕਾਰੀ ਨਹੀਂ ਤੇ ਉਸ ਇਸ ਬਾਰੇ ਪਤਾ ਕਰਨਗੇ।

ਸੂਤਰਾਂ ਨੇ ਦੱਸਿਆ ਕਿ ਪਿ੍ਰਅੰਕਾ ਗਾਂਧੀ ਦੇ ਦਫ਼ਤਰ ਨੇ 26 ਨਵੰਬਰ ਨੂੰ ਵਾਪਰੀ ਇਸ ਘਟਨਾ ਨੂੰ ਸੀਆਰਪੀਐੱਫ ਸਾਹਮਣੇ ਉਠਾਇਆ ਹੈ। ਐੱਸਪੀਜੀ ਸੁਰੱਖਿਆ ਹਟਾਏ ਜਾਣ ਤੋਂ ਬਾਅਦ ਤੋਂ ਸੀਆਰਪੀਐੱਫ ਕੋਲ ਹੀ ਪਿ੍ਰਅੰਕਾ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ। ਇਹ ਮਾਮਲਾ ਅਜਿਹੇ ਵੇਲੇ ਸਾਹਮਣੇ ਆਇਆ ਹੈ, ਜਦੋਂ ਪਿਛਲੇ ਮਹੀਨੇ ਕੇਂਦਰ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਦੇ ਪਰਿਵਾਰ ਵਾਲਿਆਂ ਤੋਂ ਐੱਸਪੀਜੀ ਸੁਰੱਖਿਆ ਹਟਾ ਕੇ ਸੀਆਰਪੀਐੱਫ ਦੀ ਜੇ ਪਲੱਸ ਸੁਰੱਖਿਆ ਮੁਹਈਆ ਕਰਵਾਈ ਸੀ।

ਸੂਤਰਾਂ ਨੇ ਦੱਸਿਆ ਕਿ ਕਾਰ ਸਵਾਰ ਪਿ੍ਰਅੰਕਾ ਦੀ ਕੋਠੀ ਵਿਚ ਪੋਰਚ ਕੋਲ ਪੁੱਜ ਗਏ। ਕਾਰ ਵਿਚੋਂ ਤਿੰਨ ਪੁਰਸ਼ ਤੇ ਤਿੰਨ ਅੌਰਤਾਂ ਤੇ ਇਕ ਬੱਚੀ ਉੱਤਰੇ ਤੇ ਪਿ੍ਰਅੰਕਾ ਗਾਂਧੀ ਕੋਲ ਜਾ ਕੇ ਉਨ੍ਹਾਂ ਨਾਲ ਤਸਵੀਰ ਖਿਚਵਾਉਣ ਦੀ ਬੇਨਤੀ ਕੀਤੀ। ਪਿ੍ਰਅੰਕਾ ਗਾਂਧੀ ਨੇ ਉਨ੍ਹਾਂ ਨਾਲ ਫੋਟੋ ਖਿਚਵਾਈ ਜਿਸ ਤੋਂ ਬਾਅਦ ਉਹ ਉੱਥੋਂ ਚਲੇ ਗਏ। ਇਸ ਬਾਰੇ ਗ੍ਹਿ ਰਾਜ ਮੰਤਰੀ ਰੈੱਡੀ ਨੇ ਕਿਹਾ ਕਿ ਉਹ ਲੋਕ ਸਭਾ ਤੋਂ ਅਜੇ ਬਾਹਰ ਹੀ ਨਿਕਲੇ ਹਨ। ਇਸ ਬਾਰੇ ਉਹ ਆਪਣੇ ਅਧਿਕਾਰੀਆਂ ਨਾਲ ਗੱਲ ਕਰ ਕੇ ਜਾਣਕਾਰੀ ਹਾਸਲ ਕਰਨਗੇ।