ਜੇਐੱਨਐੱਨ, ਵਾਰਾਨਸੀ : ਕਾਂਗਰਸ ਦੀ ਜਨਰਲ ਸਕੱਤਰ ਤੇ ਪੂਰਬੀ ਉੱਤਰੀ ਪ੍ਰਦੇਸ਼ ਦੀ ਇੰਚਾਰਜ ਪ੍ਰਿਅੰਕਾ ਗਾਂਧੀ ਵਾਡਰਾ ਐਤਵਾਰ ਦੁਪਹਿਰੇ ਵਾਰਾਨਸੀ ਪਹੁੰਚੀ। ਏਅਰਪੋਰਟ ਤੋਂ ਸਿੱਧਾ ਸੀਰ ਗੋਵਰਧਨ ਸਥਿਤ ਗੁਰੂ ਰਵਿਦਾਸ ਮੰਦਰ ਪਹੁੰਚ ਕੇ ਮੱਥਾ ਟੇਕਿਆ ਤੇ ਉੱਥੇ ਹੋ ਰਹੇ ਧਾਰਮਿਕ ਸਮਾਗਮ 'ਚ ਸ਼ਿਰਕਤ ਕੀਤੀ। ਪ੍ਰਿਅੰਕਾ ਦੇ ਇਸ ਦੌਰੇ ਨੂੰ ਗ਼ੈਰ-ਸਿਆਸੀ ਦੱਸਿਆ ਜਾ ਰਿਹਾ ਹੈ ਪਰ ਰਾਜਨੀਤੀ ਦੇ ਜਾਣਕਾਰ ਇਹ ਮੰਨ ਰਹੇ ਹਨ ਕਿ ਉਹ ਲੋਕ ਆਧਾਰ ਦੀਆਂ ਮਜ਼ਬੂਤ ਜੜ੍ਹਾਂ ਨੂੰ ਸਿੰਜਣ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਿਅੰਕਾ ਨੇ ਸੀਰ 'ਚ ਸੰਤ ਨਿਰੰਜਨ ਦਾਸ ਦਾ ਅਸ਼ੀਰਵਾਦ ਲੈਣ ਦੇ ਨਾਲ ਹੀ ਲੰਗਰ ਤੇ ਪ੍ਰਸਾਦ ਵੀ ਗ੍ਰਹਿਣ ਕੀਤਾ।

ਪ੍ਰਿਅੰਕਾ ਗਾਂਧੀ ਗੁਰੂ ਰਵਿਦਾਸ ਮੰਦਰ ਪੁੱਜੀ ਤਾਂ ਪ੍ਰੰਬਧਨ ਵੱਲੋਂ ਨਿਰਮਲ ਚੰਦ ਦੇ ਨਾਲ ਸ਼ਮਸ਼ੇਰ ਸਿੰਘ ਦੂਲੋ ਨੇ ਸਵਾਗਤ ਕੀਤਾ। ਇਸ ਤੋਂ ਬਾਅਦ ਪ੍ਰਿਅੰਕਾ ਨੇ ਗੁਰੂ ਰਵਿਦਾਸ ਦੀ ਮੂਰਤ ਅੱਗੇ ਮੱਧਾ ਟੇਕਣ ਤੋਂ ਬਾਅਦ ਫੁੱਲ ਭੇਟ ਕੀਤੇ। ਪ੍ਰਿਅੰਕਾ ਨੇ ਅੰਮ੍ਰਿਤਵਾਣੀ 'ਤੇ ਮਾਲਾ ਚੜ੍ਹਾਉਣ ਤੋਂ ਬਾਅਦ ਪ੍ਰਸਾਦਿ ਗ੍ਰਹਿਣ ਕੀਤਾ। ਇਸ ਤੋਂ ਬਾਅਦ ਮੰਦਰ 'ਚ ਮੂਰਤੀ ਦੀ ਪਰਿਕਰਮਾ ਤੋਂ ਬਾਅਦ ਨਿਕਲੀ ਤਾਂ ਵਰਕਰਾਂ ਦੇ ਮੀਡੀਆ ਕਰਮੀਆਂ ਨਾਲ ਧੱਕਾ-ਮੁੱਕੀ ਸ਼ੁਰੂ ਹੋ ਗਈ। ਵੀਆਈਪੀ ਹਾਲ 'ਚ ਬੈਠੇ ਐੱਨਆਰਆਈ ਲੋਕਾਂ ਨੂੰ ਮਿਲਣ ਪਹੁੰਚੀ ਤਾਂ ਉੱਥੇ ਵੀ ਜ਼ਬਰਦਸਤ ਭੀੜ ਜਮ੍ਹਾ ਹੋ ਗਈ ਜਿਸ ਕਾਰਨ ਉੱਥੋਂ ਨੇੜਲੇ ਲੰਗਰ ਹਾਲ 'ਚ ਲੰਗਰ ਛਕਣ ਗਈ। ਭੀੜ 'ਚ ਸੁਰੱਖਿਆ ਮੁਲਾਜ਼ਮਾਂ ਦੇ ਪਸੀਨੇ ਛੁੱਟ ਗਏ। ਲੰਗਰ ਹਾਲ 'ਚ ਪ੍ਰਿਅੰਕਾ ਵਰਕਰਾਂ ਸਮੇਤ ਲੰਗਰ ਛਕਣ ਤੋਂ ਬਾਅਦ ਸਤਿਸੰਗ ਪੰਡਾਲ ਵੱਲ ਰਵਾਨਾ ਹੋਈ ਤੇ ਸੰਤ ਨਿਰੰਜਨ ਦਾਸ ਤੋਂ ਅਸ਼ੀਰਵਾਦ ਲਿਆ।

Posted By: Seema Anand