ਜੇਐੱਨਐੱਨ, ਰਾਮਪੁਰ : ਧੋਖਾਧੜੀ ਦੇ ਦੋਸ਼ ਵਿਚ ਜੇਲ੍ਹ ਗਏ ਸਪਾ ਸੰਸਦ ਮੈਂਬਰ ਆਜ਼ਮ ਖਾਂ, ਉਨ੍ਹਾਂ ਦੀ ਪਤਨੀ ਵਿਧਾਇਕ ਤਜੀਨ ਫਾਤਿਮਾ ਅਤੇ ਬੇਟੇ ਅਬਦੁੱਲਾ ਆਜ਼ਮ ਨੂੰ ਰਾਮਪੁਰ ਤੋਂ ਸੀਤਾਪੁਰ ਜੇਲ੍ਹ ਟਰਾਂਸਫਰ ਕਰਨ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਸੰਸਦ ਮੈਂਬਰ ਦੇ ਵਕੀਲ ਨੇ ਸ਼ੁੱਕਰਵਾਰ ਨੂੰ ਬਹਿਸ ਕਰਦੇ ਹੋਏ ਜੇਲ੍ਹ ਸ਼ਿਫਟਿੰਗ ਨੂੰ ਨਿਯਮ ਵਿਰੁੱਧ ਦੱਸਿਆ। ਜੇਲ੍ਹ ਸੁਪਰਡੈਂਟ ਪੀਡੀ ਸਲੋਨੀਆ ਅਤੇ ਜੇਲ੍ਹਰ ਐੱਸਕੇ ਪਾਂਡੇ ਵੀ ਅਦਾਲਤ ਵਿਚ ਪੇਸ਼ ਹੋਏ। ਉਨ੍ਹਾਂ ਕਿਹਾ ਕਿ ਸ਼ਾਸਨ ਦੇ ਆਦੇਸ਼ 'ਤੇ ਸ਼ਿਫਟ ਕੀਤਾ ਗਿਆ ਹੈ। ਉਨ੍ਹਾਂ ਆਦੇਸ਼ ਦੀ ਕਾਪੀ ਵੀ ਦਿਖਾਈ। ਬਾਅਦ ਵਿਚ ਇਸ ਲਈ ਹੋਰ ਸਮਾਂ ਮੰਗ ਲਿਆ, ਜਿਸ 'ਤੇ ਅਦਾਲਤ ਨੇ ਤਿੰਨ ਦਿਨਾਂ ਦਾ ਸਮਾਂ ਦੇ ਦਿੱਤਾ। ਅਦਾਲਤ ਹੁਣ 3 ਮਾਰਚ ਨੂੰ ਸੁਣਵਾਈ ਕਰੇਗੀ।

ਸੁਰੱਖਿਆ ਨੂੰ ਧਿਆਨ 'ਚ ਰੱਖ ਕੇ ਕੀਤੀ ਸ਼ਿਫਟਿੰਗ

ਇਸਤਗਾਸਾ ਧਿਰ ਵੱਲੋਂ ਸਹਾਇਕ ਜ਼ਿਲ੍ਹਾ ਪ੍ਰਸ਼ਾਸਕੀ ਵਕੀਲ ਫ਼ੌਜਦਾਰੀ ਰਾਮ ਅਵਤਾਰ ਸਿੰਘ ਸੈਣੀ ਦਾ ਕਹਿਣਾ ਸੀ ਕਿ ਸੰਸਦ ਮੈਂਬਰ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਅਤੇ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਤਿੰਨਾਂ ਨੂੰ ਸੀਤਾਪੁਰ ਜੇਲ੍ਹ ਵਿਚ ਟਰਾਂਸਫਰ ਕੀਤਾ ਗਿਆ ਹੈ।

ਇਜਾਜ਼ਤ ਬਿਨਾਂ ਸੀਤਾਪੁਰ ਭੇਜਣਾ ਅਦਾਲਤ ਦੀ ਉਲੰਘਣਾ

ਸੰਸਦ ਮੈਂਬਰ ਦੇ ਵਕੀਲ ਖਲੀਲ ਉੱਲਾ ਖਾਂ ਅਤੇ ਦੁਬੈਰ ਅਹਿਮਦ ਖਾਂ ਨੇ ਤਰਕ ਦਿੱਤਾ ਕਿ ਜੇਲ੍ਹ ਸ਼ਿਫਟਿੰਗ ਨਿਯਮ ਵਿਰੁੱਧ ਕੀਤੀ ਗਈ ਹੈ। ਉਨ੍ਹਾਂ 2017 ਦੀ ਸੁਪਰੀਮ ਕੋਰਟ ਦੀ ਰੂਲਿੰਗ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਕੈਦੀ ਦਾ ਮੁਕੱਦਮਾ ਅਦਾਲਤ ਵਿਚ ਵਿਚਾਰਅਧੀਨ ਹੈ ਤਾਂ ਉਸ ਅਦਾਲਤ ਦੀ ਇਜਾਜ਼ਤ ਦੇ ਬਿਨਾਂ ਕੈਦੀ ਨੂੰ ਦੂਜੀ ਜੇਲ੍ਹ ਵਿਚ ਸ਼ਿਫਟ ਨਹੀਂ ਕੀਤਾ ਜਾ ਸਕਦਾ ਹੈ। ਜੇਕਰ ਉਸ ਨੂੰ ਸਜ਼ਾ ਹੋ ਚੁੱਕੀ ਹੈ, ਉਦੋਂ ਉਸ ਨੂੰ ਬਿਨਾਂ ਇਜਾਜ਼ਤ ਦੂਜੀ ਜੇਲ੍ਹ ਵਿਚ ਸ਼ਿਫਟ ਕੀਤਾ ਜਾ ਸਕਦਾ ਹੈ। ਸੰਸਦ ਮੈਂਬਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬਿਨਾਂ ਅਦਾਲਤ ਦੀ ਜਾਣਕਾਰੀ ਅਤੇ ਇਜਾਜ਼ਤ ਦੇ ਦੂਜੀ ਜੇਲ੍ਹ ਵਿਚ ਭੇਜ ਦਿੱਤਾ ਗਿਆ, ਜੋ ਕਿ ਅਦਾਲਤ ਦੀ ਉਲੰਘਣਾ ਹੈ।