ਕੇਵੜੀਆ, ਏਜੰਸੀਆਂ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਨਰਮਦਾ ਜ਼ਿਲ੍ਹੇ ਦੇ ਕੇਵੜੀਆ 'ਚ ਸਰਦਾਰ ਸਰੋਵਰ ਬੰਨ੍ਹ ਸਥਾਨ 'ਤੇ ਹੋਈ ਇਕ ਰੈਲੀ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਨੂੰ 70 ਸਾਲ ਤਕ ਭੇਦਭਾਵ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਮਾੜੇ ਨਤੀਜੇ, ਹਿੰਸਾ ਅਤੇ ਕੱਟੜਵਾਦ ਦੇ ਰੂਪ 'ਚ ਦੇਸ਼ ਨੇ ਭੁਗਤਿਆ ਹੈ। ਸਰਦਾਰ ਸਾਹਿਬ ਦੀ ਪ੍ਰੇਰਨਾ ਨਾਲ ਹੀ ਸਰਕਾਰ ਨੇ ਇਕ ਜ਼ਰੂਰੀ ਫ਼ੈਸਲਾ ਦੇਸ਼ ਦੇ ਹਿੱਤ 'ਚ ਲਿਆ ਹ। ਅਸੀਂ ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਵਿਸ਼ਵਾਸ ਅਤੇ ਵਿਕਾਸ ਦੀ ਗੰਗਾ ਵਹੇਗੀ। ਇਹ ਸੇਵਕ ਭਾਰਤ ਦੀ ਏਕਤਾ ਅਤੇ ਸ੍ਰੇਸ਼ਟਤਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸਾਡੀ ਸਰਕਾਰ ਨੇ 100 ਦਿਨਾਂ 'ਚ ਕਈ ਵੱਡੇ ਫ਼ੈਸਲੇ ਲਏ ਹਨ। ਅਸੀਂ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਾਂ ਕਿ ਸਾਡੀ ਨਵੀਂ ਸਰਕਾਰ ਪਹਿਲਾਂ ਤੋਂ ਵੀ ਤੇਜ਼ ਰਫ਼ਤਾਰ ਨਾਲ ਕੰਮ ਕਰੇਗੀ ਅਤੇ ਵੱਡੇ ਟੀਚਿਆਂ ਨੂੰ ਹਾਸਲ ਕਰੇਗੀ। ਪ੍ਰਧਾਨ ਮੰਤਰੀ ਆਪਣੇ 69ਵੇਂ ਜਨਮ ਦਿਨ ਮੌਕੇ ਇੱਥੇ ਆਏ ਸਨ। ਉਨ੍ਹਾਂ ਨੇ ਨਮਾਮਿ ਦੇਵੀ ਨਰਮਦੇ ਮਹਾਉਤਸਵ ਤਹਿਤ ਸਰਦਾਰ ਸਰੋਵਰ ਬੰਨ੍ਹ 'ਤੇ ਮਾਂ ਨਰਮਦਾ ਦੀ ਪੂਜਾ ਅਰਚਨਾ ਕੀਤੀ ਅਤੇ ਸਟੈਚੂ ਆਫ ਯੂਨਿਟੀ ਕੋਲ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ।

highlights-

- ਪ੍ਰਧਾਨ ਮੰਤਰੀ ਮੋਦੀ ਨੇ ਗਾਂਧੀਨਗਰ 'ਚ ਆਪਣੀ ਮਾਂ ਹੀਰਾਬੇਨ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨਾਲ ਖਾਣਾ ਵੀ ਖਾਧਾ।

100 ਦਿਨਾਂ 'ਚ ਕਈ ਵੱਡੇ ਫ਼ੈਸਲੇ ਲਏ

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਸਰਦਾਰ ਸਾਹਿਬ ਵੱਲੋਂ ਭਾਰਤ ਦੀ ਏਕਤਾ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਸੁਨਹਿਰੀ ਪੰਨਾ ਹੈ। ਅੱਜ ਹੈਦਰਾਬਾਦ ਮੁਕਤੀ ਦਿਵਸ ਵੀ ਹੈ। ਸਰਦਾਰ ਸਾਹਿਬ ਦੀਆਂ ਕੋਸ਼ਿਸ਼ਾਂ ਨਾਲ ਅੱਜ ਦੇ ਦਿਨ 1948 'ਚ ਹੈਦਰਾਬਾਦ ਦਾ ਭਾਰਤ 'ਚ ਰਲੇਵਾਂ ਹੋਇਆ ਸੀ। ਹੈਦਰਾਬਾਦ ਅੱਜ ਦੇਸ਼ ਦੀ ਉੱਨਤੀ ਅਤੇ ਵਿਕਾਸ 'ਚ ਪੂਰੀ ਮਜ਼ਬੂਤੀ ਨਾਲ ਯੋਗਦਾਨ ਦੇ ਰਿਹਾ ਹੈ। ਕਲਪਨਾ ਕਰੋ ਕਿ ਜੇਕਰ ਸਰਦਾਰ ਪਟੇਲ ਜੀ ਦੀ ਉਹ ਦੂਰਦਰਸ਼ਿਤਾ ਨਾ ਰਹਿੰਦੀ ਤਾਂ ਅੱਜ ਭਾਰਤ ਦਾ ਨਕਸ਼ਾ ਕਿਹੋ-ਜਿਹਾ ਹੁੰਦਾ ਅਤੇ ਇਸ ਦੀਆਂ ਸਮੱਸਿਆਵਾਂ ਕਿੰਨੀਆਂ ਭਿਆਨਕ ਹੁੰਦੀਆਂ। ਇਕ ਭਾਰਤ, ਸ੍ਰੇਸ਼ਟ ਭਾਰਤ ਦੇ ਉਨ੍ਹਾਂ ਦੇ ਸੁਪਨੇ ਨੂੰ ਅੱਜ ਦੇਸ਼ ਸਾਕਾਰ ਹੁੰਦੇ ਹੋਏ ਦੇਖ ਰਿਹਾ ਹੈ। ਆਜ਼ਾਦੀ ਦੌਰਾਨ ਜੋ ਕੰਮ ਅਧੂਰੇ ਰਹਿ ਗਏ ਸਨ, ਉਨ੍ਹਾਂ ਨੂੰ ਅੱਜ ਦੇਸ਼ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।

ਸੈਰ-ਸਪਾਟੇ ਦੀ ਜਦੋਂ ਗੱਲ ਆਉਂਦੀ ਹੈ ਤਾਂ ਸਟੈਚੂ ਆਫ਼ ਯੂਨਿਟੀ ਦੀ ਚਰਚਾ ਸੁਭਾਵਿਕ ਹੈ। ਸਟੈਚੂ ਆਫ ਯੂਨਿਟੀ ਨਾਲ ਸੈਰ-ਸਪਾਟੇ ਨੂੰ ਉਤਸ਼ਾਹ ਮਿਲਿਆ ਹੈ। ਇਸ ਕਾਰਨ ਕੇਵੜੀਆ ਅਤੇ ਗੁਜਰਾਤ ਪੂਰੇ ਵਿਸ਼ਵ ਦੇ ਟੂਰਿਜ਼ਮ ਮੈਪ 'ਤੇ ਪ੍ਰਮੁੱਖਤਾ ਨਾਲ ਆ ਗਿਆ ਹੈ। ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦੇ ਮਾਮਲੇ 'ਚ ਸਟੈਚੂ ਆਫ਼ ਯੂਨਿਟੀ ਨੇ ਅਮਰੀਕਾ ਦੇ ਸਟੈਚੂ ਆਫ ਲਿਬਰਟੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਸ ਕਾਰਨ ਲੋਕ ਅਰਪਣ ਦੇ ਅਜੇ ਸਿਰਫ਼ 11 ਮਹੀਨੇ ਹੀ ਹੋਏ ਹਨ, ਪਰ ਹੁਣ ਤਕ 23 ਲੱਖ ਤੋਂ ਜ਼ਿਆਦਾ ਸੈਲਾਨੀ ਦੇਸ਼ ਅਤੇ ਦੁਨੀਆ ਤੋਂ ਇੱਥੇ ਆ ਚੁੱਕੇ ਹਨ। ਅਸੀਂ ਇਸ ਖੇਤਰ ਨੂੰ ਸਿਰਫ਼ ਸਿੰਗਲ ਯੂਜ਼ ਪਲਾਸਟਿਕ ਤੋਂ ਬਚਾਉਣਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਕੱਛ ਅਤੇ ਸੌਰਾਸ਼ਟਰ ਦੇ ਉਨ੍ਹਾਂ ਖੇਤਰਾਂ 'ਚ ਵੀ ਮਾਂ ਨਰਮਦਾ ਦੀ ਕਿਰਪਾ ਹੋ ਰਹੀ ਹੈ ਜੋ ਕਦੇ ਸੋਕੇ ਨਾਲ ਜੂਝ ਰਹੇ ਸਨ। ਗੁਜਰਾਤ 'ਚ ਅੱਜ ਸਿੰਚਾਈ ਦਾ ਨੈਟਵਰਕ ਖੜ੍ਹਾ ਹੋਇਆ ਹੈ, ਪਾਣੀ ਨੂੰ ਬਚਾਉਣ ਦੀ ਮੁਹਿੰਮ ਚਲਾਈ ਗਈ, ਜਿਸ ਨਾਲ 12 ਲੱਖ ਕਿਸਾਨ ਪਰਿਵਾਰਾਂ ਨੂੰ ਫਾਇਦਾ ਹੋਇਆ ਹੈ। ਗੁਜਰਾਤ ਦੀ 19 ਲੱਖ ਹੈਕਟੇਅਰ ਜ਼ਮੀਨ ਖੇਤੀ ਯੋਗ ਹੋ ਗਈ ਹੈ। ਆਈਆਈਐੱਮ ਅਹਿਮਦਾਬਾਦ ਦੇ ਇਕ ਅਧਿਐਨ 'ਚ ਪਾਇਆ ਗਿਆ ਹੈ ਕਿ ਮਾਈਕ੍ਰੋ ਇਰੀਗੇਸ਼ਨ ਕਾਰਨ ਗੁਜਰਾਤ 'ਚ 50 ਫ਼ੀਸਦੀ ਤਕ ਪਾਣੀ ਦੀ ਬੱਚਤ ਹੋਈ ਹੈ। ਨਰਮਦਾ ਦਾ ਪਾਣੀ ਪਾਰਸ ਹੈ ਜੋ ਮਿੱਟੀ ਨੂੰ ਸੋਨਾ ਬਣਾ ਦਿੰਦਾ ਹੈ। ਅੱਜ ਕੱਛ ਨਹੀਂ, ਗੁਜਰਾਤ ਦੇ ਵੱਡੇ ਹਿੱਸੇ ਲਈ ਪਾਰਸ ਸਾਬਤ ਹੋ ਰਿਹਾ ਹੈ।

ਪੀਐੱਮ ਨੇ ਕਿਹਾ ਕਿ ਅੱਜ ਦਾ ਇਹ ਅਵਸਰ ਬਹੁਤ ਭਾਵਨਾਤਮਕ ਹੈ। ਸਰਦਾਰ ਪਟੇਲ ਨੇ ਜੋ ਸੁਪਨਾ ਦੇਖਿਆ ਸੀ, ਉਹ ਦਹਾਕਿਆਂ ਬਾਅਦ ਅੱਜ ਪੂਰਾ ਹੋ ਰਿਹਾ ਹੈ। ਸਰਦਾਰ ਸਰੋਵਰ ਬੰਨ੍ਹ ਅਤੇ ਸਰਦਾਰ ਸਾਹਿਬ ਦੀ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ, ਦੋਵੇਂ ਹੀ ਉਸੇ ਇੱਛਾ ਸ਼ਕਤੀ ਅਤੇ ਉਸੇ ਸੰਕਲਪ ਸ਼ਕਤੀ ਦੇ ਪ੍ਰਤੀਕ ਹਨ। ਅੱਜ ਨਿਰਮਾਣ ਅਤੇ ਸਿਰਜਨ ਦੇ ਦੇਵਤਾ ਵਿਸ਼ਵਕਰਮਾ ਜੀ ਦੀ ਜੈਅੰਤੀ ਹੈ। ਨਵੇਂ ਭਾਰਤ ਦੇ ਨਿਰਮਾਣ ਦੇ ਜਿਸ ਸੰਕਲਪ ਨੂੰ ਲੈ ਕੇ ਅਸੀਂ ਅੱਗੇ ਵਧ ਰਹੇ ਹਾਂ, ਉਸ 'ਚ ਭਗਵਾਨ ਵਿਸ਼ਵਕਰਮਾ ਵਰਗੀ ਇੱਛਾ ਸ਼ਕਤੀ ਬਹੁਤ ਜ਼ਰੂਰੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਤਾਵਰਨ ਦੀ ਰੱਖਿਆ ਦੇ ਨਾਲ-ਨਾਲ ਵੀ ਵਿਕਾਸ ਹੋ ਸਕਦਾ ਹੈ। ਕੁਦਰਤ ਸਾਡੇ ਲਈ ਆਰਾਧਿਆ ਹਨ, ਵਾਤਾਵਰਨ ਨੂੰ ਬਚਾਉਂਦੇ ਹੋਏ ਕਿਵੇਂ ਵਿਕਾਸ ਕੀਤਾ ਜਾਂਦਾ ਹੈ, ਇਸ ਦਾ ਉਦਾਹਰਨ ਕੇਵੜੀਆ 'ਚ ਦੇਖਣ ਨੂੰ ਮਿਲਦਾ ਹੈ। ਇਕ ਪਾਸੇ ਸਰਦਾਰ ਸਰੋਵਰ ਬੰਨ੍ਹ ਹੈ, ਬਿਜਲੀ ਉਤਪਾਦਨ ਦੇ ਯੰਤ ਹਨ ਤਾਂ ਦੂਜੇ ਪਾਸੇ ਏਕਤਾ ਨਰਸਰੀ, ਬਟਰ ਫਲਾਈ ਗਾਰਡਨ ਵਰਗੀ ਈਕੋ-ਟੂਰਿਜ਼ਮ ਨਾਲ ਜੁੜੇ ਬਹਤੁ ਹੀ ਸੁੰਦਰ ਪ੍ਰਬੰਧ ਹਨ।

ਮੋਦੀ ਨੇ ਕਿਹਾ ਕਿ ਕਦੇ ਮੇਰਾ ਮਨ ਕਰਦਾ ਸੀ ਕਿ ਫੋਟੋ ਕੱਢਾਂ ਪਰ ਅੱਜ ਮਨ ਕਰ ਰਿਹਾ ਸੀ ਕਿ ਕਾਸ਼ ਮੇਰੇ ਹੱਥ 'ਚ ਕੈਮਰਾ ਹੁੰਦਾ ਅਤੇ ਮੈਂ ਇਨ੍ਹਾਂ ਪਲ਼ਾਂ ਨੂੰ ਕੈਦ ਕਰ ਲੈਂਦਾ। ਅੱਜ ਸਰਦਾਰ ਪਟੇਲ ਦਾ ਸੁਪਨਾ ਸਾਕਾਰ ਹੋਇਆ ਹੈ। ਨਰਮਦਾ ਦੀ ਯੋਜਨਾ ਨਾਲ ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਕਿਸਾਨਾਂ ਨੂੰ ਲਾਭ ਮਿਲੇਗਾ।

Posted By: Akash Deep