ਜੇਐੱਨਐੱਨ, ਜੈਪੁਰ : ਰਾਜਸਥਾਨ ਵਿਚ ਕਰੌਲੀ ਜ਼ਿਲ੍ਹੇ ਦੇ ਬੂਕਨਾ ਪਿੰਡ ਵਿਚ ਮੰਦਰ ਦੀ ਜ਼ਮੀਨ ਹੜੱਪਣ ਨੂੰ ਲੈ ਕੇ ਪੁਜਾਰੀ ਨੂੰ ਸਾੜ ਕੇ ਮਾਰ ਸੁੱਟਣ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਪੁਜਾਰੀ ਵੱਲੋਂ ਇਕ ਪੈਟਰੋਲ ਪੰਪ ਤੋਂ ਬੋਤਲ ਵਿਚ ਪੈਟਰੋਲ ਖ਼ਰੀਦਣ ਦਾ ਵੀਡੀਓ ਅਤੇ ਫੋਟੋ ਵਾਇਰਲ ਹੋਈ ਹੈ। ਇਨ੍ਹਾਂ ਨੂੰ ਪੁਲਿਸ ਅਤੇ ਸੀਆਈਡੀ ਨੂੰ ਵੀ ਉਪਲੱਬਧ ਕਰਾਇਆ ਗਿਆ ਹੈ। ਹਾਲਾਂਕਿ, ਕਰੌਲੀ ਪੁਲਿਸ ਅਤੇ ਸੀਆਈਡੀ ਨੇ ਅਜੇ ਇਸ 'ਤੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਤੋਂ ਇਨਕਾਰ ਕੀਤਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਬੂਕਨਾ ਪਿੰਡ ਵਿਚ ਪੁਜਾਰੀ ਬਾਬੂ ਲਾਲ ਵੈਸ਼ਣਵ ਦੀ ਸੜਨ ਨਾਲ ਮੌਤ ਹੋ ਗਈ ਸੀ। ਦੋਸ਼ ਹੈ ਕਿ ਪੁਜਾਰੀ ਜਿਸ ਮੰਦਰ ਦੀ ਸੇਵਾ ਕਰਦੇ ਸਨ ਉਸ ਦੀ ਜ਼ਮੀਨ 'ਤੇ ਪਿੰਡ ਦੇ ਕੁਝ ਬਦਮਾਸ਼ ਲੋਕ ਕਬਜ਼ਾ ਕਰਨਾ ਚਾਹੁੰਦੇ ਸਨ। ਇਹ ਜਦੋਂ ਕਬਜ਼ਾ ਕਰਨ ਆਏ ਤਾਂ ਪੁਜਾਰੀ ਨੇ ਉਨ੍ਹਾਂ ਦਾ ਵਿਰੋਧ ਕੀਤਾ। ਇਸ 'ਤੇ ਉਨ੍ਹਾਂ ਨੇ ਪੁਜਾਰੀ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਉਸ ਪਿੱਛੋਂ ਪੁਜਾਰੀ ਨੂੰ ਜੈਪੁਰ ਦੇ ਸਵਾਈ ਮਾਨਸਿੰਘ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ। ਹੁਣ ਸੂਤਰਾਂ ਦਾ ਕਹਿਣਾ ਹੈ ਕਿ ਪੁਜਾਰੀ ਬਾਬੂ ਲਾਲ ਵੈਸ਼ਣਵ ਨੇ ਘਟਨਾ ਦੇ ਕੁਝ ਘੰਟੇ ਪਹਿਲੇ ਸਪੋਟਰਾ-ਨਰੌਲੀ ਸੜਕ ਮਾਰਗ 'ਤੇ ਬੂਕਨਾ ਮੋੜ ਕੋਲ ਸਥਿਤ ਇਕ ਪੈਟਰੋਲ ਪੰਪ ਤੋਂ ਪੈਟਰੋਲ ਖ਼ਰੀਦਿਆ ਸੀ। ਇਸ ਦਾ ਹੀ ਵੀਡੀਓ ਅਤੇ ਫੋਟੋ ਵਾਇਰਲ ਹੋ ਰਹੇ ਹਨ।