ਜੇਐੱਨਐੱਨ, ਮੰਡੀ : ਪੰਜਾਬ ਦਾ ਆਲੂ ਬੰਦ ਹੋਣ ਨਾਲ ਸਥਾਨਕ ਆਲੂ ਦੀਆਂ ਕੀਮਤਾਂ ਅੰਬਰ ਛੂਹਣ ਲੱਗੀਆਂ ਹਨ। ਜ਼ਿਲ੍ਹੇ 'ਚ ਇਕ ਹਫ਼ਤੇ 'ਚ ਆਲੂ ਦੀ ਕੀਮਤ 30 ਰੁਪਏ ਪ੍ਰਤੀ ਕਿੱਲੋ ਤੋਂ ਵਧ ਕੇ 60 ਰੁਪਏ ਤਕ ਪਹੁੰਚ ਗਏ ਹਨ। ਨਵੰਬਰ ਤਕ ਕੀਮਤਾਂ ਘਟਣ ਦੀ ਸੰਭਾਵਨਾ ਹੈ। ਅੱਜਕੱਲ੍ਹ ਬਾਜ਼ਾਰ 'ਚ ਲਾਹੁਲ-ਸਪਿਤੀ ਤੇ ਸਰਾਜ ਘਾਟੀ ਦਾ ਆਲੂ ਵਿਕ ਰਿਹਾ ਹੈ। ਇਸ ਵਾਰ ਸਰਾਜ ਘਾਟੀ 'ਚ ਆਲੂ ਦੀ ਪੈਦਾਵਾਰ ਵੀ ਘੱਟ ਹੈ। ਬਰੋਟ ਘਾਟੀ 'ਚ ਆਲੂ ਦਾ ਸੀਜ਼ਨ ਖ਼ਤਮ ਹੋ ਗਿਆ ਹੈ। ਇਸ ਨਾਲ ਕੀਮਤਾਂ 'ਚ ਜ਼ਿਆਦਾ ਵਾਧਾ ਹੋਇਆ ਹੈ। ਲਾਹੁਲ-ਸਪਿਤੀ ਦਾ ਆਲੂ ਬਾਜ਼ਾਰ 'ਚ ਘੱਟ ਆਉਂਦਾ ਹੈ। ਇੱਥੋਂ ਦੇ ਕਿਸਾਨ ਆਲੂ ਦੀ ਵਰਤੋਂ ਬੀਜ ਬਣਾਉਣ ਲਈ ਜ਼ਿਆਦਾ ਕਰਦੇ ਹਨ ਜਦਕਿ ਬਾਕੀ ਆਲੂ ਨਿੱਜੀ ਕੰਪਨੀਆਂ ਨੂੰ ਵੇਚ ਦਿੰਦੇ ਹਨ। ਲਾਹੁਲ ਦੇ ਆਲੂ ਦੀ ਮੰਗ ਮੰਡੀਆਂ ਤੇ ਬਾਜ਼ਾਰਾਂ 'ਚ ਜ਼ਿਆਦਾ ਰਹਿੰਦੀ ਹੈ।

ਅਕਤੂਬਰ ਦੇ ਅੰਤ ਤਕ ਪੰਜਾਬ ਤੋਂ ਹਿਮਾਚਲ 'ਚ ਆਲੂ ਨਹੀਂ ਆਉਂਦਾ। ਇਸ ਸਮੇਂ ਪੰਜਾਬ 'ਚ ਆਲੂ ਦੀ ਫ਼ਸਲ ਤਿਆਰ ਨਹੀਂ ਹੁੰਦੀ। ਅਗਲੇ ਮਹੀਨੇ ਤਕ ਇਹ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਤੋਂ ਬਾਅਦ ਇਹ ਹਿਮਾਚਲ ਦੀਆਂ ਮੰਡੀਆਂ ਤੇ ਸਥਾਨਕ ਬਾਜ਼ਾਰਾਂ 'ਚ ਪਹੁੰਚਦਾ ਹੈ। ਪੰਜਾਬ ਦਾ ਆਲੂ ਆਉਣ ਤੋਂ ਬਾਅਦ ਕੀਮਤਾਂ ਘੱਟ ਹੋ ਜਾਂਦੀਆਂ ਹਨ। ਸਰਾਜ ਘਾਟੀ ਦੇ ਆਲੂ ਦੀਆਂ ਬੋਰੀਆਂ ਬਾਜ਼ਾਰ 'ਚ 1800 ਤੋਂ 2000 ਰੁਪਏ ਤਕ ਵਿਕ ਰਹੀਆਂ ਹਨ। ਮੰਡੀਆਂ 'ਚ ਆਲੂ 40 ਤੋਂ 50 ਰੁਪਏ ਪ੍ਰਤੀ ਕਿੱਲੋ ਥੋਕ ਵਿਕ ਰਹੇ ਹਨ। ਇਸ ਨਾਲ ਕਿਸਾਨਾਂ ਦੀ ਆਰਥਿਕਤਾ ਮਜ਼ਬੂਤ ਹੋ ਰਹੀ ਹੈ ਤੇ ਉਨ੍ਹਾਂ ਦੀ ਮਿਹਨਤ ਦਾ ਫਲ ਮਿਲ ਰਿਹਾ ਹੈ।