ਨਵੀਂ ਦਿੱਲੀ, ਏਐੱਨਆਈ। ਭਾਰਤ 'ਚ ਹੁਣ ਇਕ ਸੂਬਾ ਘੱਟ ਹੋਣ ਦੇ ਨਾਲ ਹੀ ਦੋ ਨਵੇਂ ਕੇਂਦਰ ਸ਼ਾਸਿਤ ਸੂਬੇ ਹੋ ਗਏ ਹਨ। ਜੰਮੂ-ਕਸ਼ਮੀਰ ਦੇ ਪੁਨਰਗਠਨ ਦਾ ਜੋ ਨਵਾਂ ਕਾਨੂੰਨ ਬਣਿਆ ਹੈ, ਉਹ ਅੱਧੀ ਰਾਤ ਤੋਂ ਬਾਅਦ ਲਾਗੂ ਹੋ ਗਿਆ ਹੈ। ਸੂਬੇ ਦੇ ਪੁਨਰਗਠਨ ਦੇ ਲਾਗੂ ਹੋਣ ਦੀ ਤਰੀਕ 31 ਅਕਤੂਬਰ ਰੱਖੀ ਗਈ ਸੀ। ਦੋਵਾਂ ਕੇਂਦਰ ਸ਼ਾਸਿਤ ਸੂਬਿਆਂ 'ਚ ਉਪ ਰਾਜਪਾਲਾਂ ਦੀ ਨਿਯੁਕਤੀ ਹੋ ਗਈ ਹੈ। ਦੋਵਾਂ ਉਪ ਰਾਜਪਾਲਾਂ ਨੇ ਹਲਫ਼ ਵੀ ਲੈ ਲਈ ਹੈ। ਰਾਧਾਕ੍ਰਿਸ਼ਨਣ ਮਾਥੁਰ ਲੱਦਾਖ ਦੇ ਪਹਿਲੇ ਉਪ ਰਾਜਪਾਲ ਬਣੇ ਹਨ ਜਦਕਿ ਗਿਰੀਸ਼ ਚੰਦਰ ਮੁਰਮੂ ਨੇ ਜੰਮੂ-ਕਸ਼ਮੀਰ ਕੇਂਦਰ ਸ਼ਾਸਿਤ ਸੂਬੇ ਦਾ ਰਾਜਪਾਲ ਵਜੋਂ ਹਲਫ਼ ਚੁੱਕੀ ਹੈ।

ਰਾਧਾਕ੍ਰਿਸ਼ਨਣ ਮਾਥੁਰ ਨੇ ਲੱਦਾਖ ਦੇ ਪਹਿਲੇ ਉਪ ਰਾਜਪਾਲ ਵਜੋਂ ਲੇਹ 'ਚ ਹਲਫ਼ ਲਈ। ਲੱਦਾਖ ਬਿਨਾਂ ਵਿਧਾਨ ਸਭਾ ਦਾ ਕੇਂਦਰ ਸ਼ਾਸਿਤ ਸੂਬਾ ਹੋਵੇਗਾ। ਜੰਮੂ-ਕਸ਼ਮੀਰ ਹਾਈ ਕੋਰਟ ਦੀ ਚੀਫ਼ ਜਸਟਿਸ ਗੀਤਾ ਮਿੱਤਲ ਨੇ ਸਵੇਰੇ ਲੇਹ 'ਚ ਆਰਕੇ ਮਾਥੁਰ ਨੂੰ ਅਹੁਦੇ ਤੇ ਗੁਪਤਤਾ ਦੀ ਸਹੁੰ ਦਿਵਾਈ। ਸਾਬਕਾ ਰੱਖਿਆ ਸਕੱਤਰ ਮਾਥੁਰ ਨੇ ਸਵੇਰੇ 7.45 ਵਜੇ ਲੇਹ ਸਥਿਤ ਸਿੰਧੂ ਸੰਸਕ੍ਰਿਤੀ 'ਚ ਕਰਵਾਏ ਸਮਾਗਮ 'ਚ ਸਹੁੰ ਚੁੱਕੀ।

ਦੂਜੇ ਪਾਸੇ ਸ੍ਰੀਨਗਰ ਵਿਚ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜੀਸੀ ਮੁਰਮੂ ਨੂੰ ਸਵੇਰੇ ਪੌਣੇ ਬਾਰਾਂ ਵਜੇ ਸਹੁੰ ਚੁੱਕਵਾਏ ਜਾਣ ਦਾ ਪ੍ਰੋਗਰਾਮ ਸੀ। ਉਨ੍ਹਾਂ ਨੂੰ ਹਲਫ਼ ਦਿਵਾਉਣ ਲਈ ਹਾਈ ਕੋਰਟ ਦੀ ਚੀਫ ਜਸਟਿਸ ਗੀਤਾ ਮਿੱਤਲ ਨੇ ਲੇਹ ਤੋਂ ਆਏ ਸਨ।

Posted By: Akash Deep