ਜਾਗਰਣ ਬਿਊਰੋ, ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਫਰਵਰੀ ਦੇ ਅੰਤ ਤਕ ਭਾਰਤ ਦੇ ਦੌਰੇ 'ਤੇ ਆ ਸਕਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੂਨ 2017 'ਚ ਆਪਣੀ ਅਮਰੀਕਾ ਯਾਤਰਾ ਦੌਰਾਨ ਹੀ ਟਰੰਪ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ। ਫਿਰ ਜਦੋਂ ਉਹ ਪਿਛਲੇ ਸਾਲ ਹਿਊਸਟਨ 'ਚ 'ਹਾਓਡੀ ਮੋਦੀ' ਪ੍ਰੋਗਰਾਮ ਦੌਰਾਨ ਟਰੰਪ ਨੂੰ ਮਿਲੇ, ਤਾਂ ਫਿਰ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ। ਹੁਣ ਲੱਗਦਾ ਹੈ ਕਿ ਟਰੰਪ ਭਾਰਤ ਆਉਣ ਲਈ ਤਿਆਰ ਹਨ।

ਉਨ੍ਹਾਂ ਦੇ ਆਉਣ ਦੀ ਤਰੀਕ ਤੈਅ ਕਰਨ ਲਈ ਦੋਵਾਂ ਦੇਸ਼ਾਂ ਦੇ ਉੱਚ ਪੱਧਰੀ ਅਧਿਕਾਰੀਆਂ ਵਿਚਾਲੇ ਲਗਾਤਾਰ ਸੰਪਰਕ ਬਣਿਆ ਹੋਇਆ ਹੈ। ਸੰਭਾਵਨਾ ਇਸ ਗੱਲ ਦੀ ਹੈ ਕਿ ਰਾਸ਼ਟਰਪਤੀ ਟਰੰਪ ਖ਼ਿਲਾਫ਼ ਅਮਰੀਕੀ ਸੰਸਦ 'ਚ ਚੱਲ ਰਹੇ ਮਹਾਦੋਸ਼ 'ਤੇ ਫ਼ੈਸਲਾ ਆਉਣ ਤੋਂ ਬਾਅਦ ਹੀ ਉਨ੍ਹਾਂ ਦੀ ਭਾਰਤ ਯਾਤਰਾ ਨੂੰ ਲੈ ਕੇ ਵੀ ਆਖਰੀ ਫੈਸਲਾ ਹੋਵੇਗਾ।

ਸੂਤਰਾਂ ਮੁਤਾਬਕ, ਰਾਸ਼ਟਰਪਤੀ ਟਰੰਪ ਦੇ ਭਾਰਤ ਆਉਣ ਨੂੰ ਲੈ ਕੇ ਲਗਾਤਾਰ ਅਮਰੀਕੀ ਸਰਕਾਰ ਦੇ ਸਬੰਧਤ ਅਧਿਕਾਰੀਆਂ ਨਾਲ ਗੱਲ ਹੋ ਰਹੀ ਹੈ। ਪਰ, ਹਾਲੇ ਤਕ ਪੱਕੇ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ। ਟਰੰਪ ਆਪਣੀ ਵਿਸ਼ਵ ਕੂਟਨੀਤੀ ਦੇ ਨਾਲ ਹੀ ਘਰੇਲੂ ਸਿਆਸਤ 'ਚ ਵੀ ਬੁਰੀ ਤਰ੍ਹਾਂ ਨਾਲ ਫਸੇ ਹੋਏ ਹਨ। ਇਹ ਵੀ ਧਿਆਨ ਰੱਖਣਾ ਪਵੇਗਾ ਕਿ ਜੇਕਰ ਫਰਵਰੀ-ਮਾਰਚ, 2020 ਤਕ ਉਨ੍ਹਾਂ ਦੀ ਯਾਤਰਾ ਨਹੀਂ ਹੋ ਪਾਉਂਦੀ ਤਾਂ ਸ਼ਾਇਦ ਉਨ੍ਹਾਂ ਲਈ ਇਸ ਕਾਰਜਕਾਲ 'ਚ ਭਾਰਤ ਆਉਣਾ ਸੰਭਵ ਨਹੀਂ ਹੋ ਸਕੇਗਾ। ਅਸਲ 'ਚ ਇਸਦੇ ਲਈ ਟਰੰਪ ਰਾਸ਼ਟਰਪਤੀ ਦੀ ਚੋਣ 'ਚ ਰੁੱਝੇ ਹੋਣਗੇ। ਅਮਰੀਕਾ 'ਚ ਰਾਸ਼ਟਰਪਤੀ ਦੀ ਚੋਣ ਚਾਰ ਸਾਲਾਂ ਬਾਅਦ ਹੁੰਦੀ ਹੈ ਤੇ ਨਵੰਬਰ 2020 'ਚ ਨਵੇਂ ਰਾਸ਼ਟਰਪਤੀ ਲਈ ਵੋਟਿੰਗ ਹੋਵੇਗੀ।

ਟਰੰਪ ਨੇ ਸਤੰਬਰ, 2019 'ਚ ਮੋਦੀ ਨਾਲ ਨਿਊਯਾਰਕ 'ਚ ਹੋਈ ਮੁਲਾਕਾਤ 'ਚ ਵੀ ਕਿਹਾ ਸੀ ਕਿ ਉਹ ਛੇਤੀ ਤੋਂ ਛੇਤੀ ਭਾਰਤ ਜਾਣ ਦੀ ਮਨਸ਼ਾ ਰੱਖਦੇ ਹਨ। ਸੂਤਰਾਂ ਦੇ ਮੁਤਾਬਕ, ਅਮਰੀਕੀ ਪ੍ਰਸ਼ਾਸਨ ਖੁਦ ਹੀ ਟਰੰਪ ਦੀ ਯਾਤਰਾ ਛੇਤੀ ਕਰਾਉਣ ਲਈ ਉਤਸ਼ਾਹਤ ਹੈ।

ਟਰੰਪ ਦੀ ਸੰਭਾਵਿਤ ਯਾਤਰਾ ਭਾਰਤ ਸਰਕਾਰ ਦੀ ਇਕ ਵੱਡੀ ਕੂਟਨੀਤਕ ਸਫਲਤਾ ਕਹੀ ਜਾਵੇਗੀ। ਹਾਲੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐੱਨਆਰਸੀ) ਨੂੰ ਲੈ ਕੇ ਅਮਰੀਕਾ, ਬਰਤਾਨੀਆ ਤੇ ਕਈ ਯੂਰਪੀ ਦੇਸ਼ਾਂ 'ਚ ਸਵਾਲ ਉਠਾਏ ਜਾ ਰਹੇ ਹਨ। ਇਸ ਲਈ ਟਰੰਪ ਦੀ ਯਾਤਰਾ ਤੋਂ ਇਹ ਸੰਦੇਸ਼ ਦਿੱਤਾ ਜਾ ਸਕੇਗਾ ਕਿ ਭਾਰਤ ਦੀਆਂ ਉਕਤ ਨੀਤੀਆਂ ਨੂੰ ਲੈ ਕੇ ਅਮਰੀਕੀ ਪ੍ਰਸ਼ਾਸਨ ਉਨ੍ਹਾਂ ਦੇ ਨਾਲ ਹੈ।

ਕਸ਼ਮੀਰ ਬਾਰੇ ਵੀ ਅਮਰੀਕੀ ਪ੍ਰਸ਼ਾਸਨ ਹਾਲੇ ਤਕ ਮਿਲਿਆ ਜੁਲਿਆ ਸੰਦੇਸ਼ ਦੇ ਰਿਹਾ ਹੈ। ਰਾਸ਼ਟਰਪਤੀ ਟਰੰਪ ਖੁਦ ਕਈ ਵਾਰੀ ਕਸ਼ਮੀਰ 'ਚ ਵਿਚੋਲਗੀ ਕਰਨ ਦੀ ਗੱਲ ਕਰ ਚੁੱਕੇ ਹਨ। ਹਾਲੀਆ ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਹ ਕਸ਼ਮੀਰ ਦੀ ਸਥਿਤੀ ਨੂੰ ਲੈ ਕੇ ਚਿੰਤਤ ਹਨ। ਵੈਸੇ ਜਾਣਕਾਰ ਇਹ ਵੀ ਮੰਨ ਰਹੇ ਹਨ ਕਿ ਅਮਰੀਕੀ ਰਾਸ਼ਟਰਪਤੀ ਦੀ ਅਗਲੀ ਯਾਤਰਾ ਜ਼ਿਆਦਾਤਰ ਦੋਵੇਂ ਦੇਸ਼ਾਂ ਵਿਚਾਲੇ ਵੱਧ ਰਹੇ ਰਣਨੀਤਕ ਸਬੰਧਾਂ ਨੂੰ ਲੈ ਕੇ ਹੈ। ਇਸ 'ਤੇ ਭਾਰਤ ਦੀ ਅੰਦਰੂਨੀ ਨੀਤੀਆਂ ਦਾ ਸੀਮਤ ਅਸਰ ਹੀ ਪਵੇਗਾ।

ਜ਼ਿਕਰਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੇ ਸਮੇਂ ਤੋਂ ਹੀ ਹਰ ਅਮਰੀਕੀ ਰਾਸ਼ਟਰਪਤੀ ਨੇ ਭਾਰਤ ਦੀ ਯਾਤਰਾ ਕੀਤੀ ਹੈ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਤਾਂ ਆਪਣੇ ਦੋਵਾਂ ਕਾਰਜਕਾਲਾਂ 'ਚ ਭਾਰਤ ਦੀ ਯਾਤਰਾ ਕੀਤੀ। ਆਪਣੇ ਕਾਰਜਕਾਲ ਦੇ ਆਖਰੀ ਸਾਲ 2016 'ਚ ਉਹ ਭਾਰਤ ਦੇ ਗਣਤੰਤਰ ਦਿਵਸ ਸਮਾਗਮ ਦੇ ਮੁੱਖ ਮਹਿਮਾਨ ਸਨ। ਉਨ੍ਹਾਂ ਤੋਂ ਪਹਿਲਾਂ ਜਾਰਜ ਡਬਲਿਊ ਬੁਸ਼ ਵੀ ਭਾਰਤ ਦੀ ਯਾਤਰਾ ਕਰ ਚੁੱਕੇ ਸਨ। ਭਾਰਤ ਦੇ ਰਾਸ਼ਟਰਪਤੀ ਟਰੰਪ ਨੂੰ ਸਾਲ 2019 ਦੇ ਗਣਤੰਤਰ ਦਿਵਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਵੀ ਸੱਦਾ ਦਿੱਤਾ ਸੀ।