ਨਵੀਂ ਦਿੱਲੀ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਨਿਚਰਵਾਰ ਨੂੰ ਬਾਕੀ 54 ਨਾਮਚੀਨ ਹਸਤੀਆਂ ਨੂੰ ਪਦਮ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ। ਇਨ੍ਹਾਂ ਪੁਰਸਕਾਰ ਮਿਲਣ ਵਾਲੀਆਂ ਹਸਤੀਆਂ ਵਿਚ ਵਿਗਿਆਨੀ ਐੱਸ ਨਾਂਬੀ ਨਾਰਾਇਣਨ, ਲਾਰਸਨ ਐਂਡ ਟੂਬ੍ਰੋ ਦੇ ਚੇਅਰਮੈਨ ਅਨਿਲ ਕੁਮਾਰ ਨਾਇਕ, ਲੋਕਗੀਤ ਗਾਇਕਾ ਤੀਜਨਬਾਈ, ਕ੍ਰਿਕਟਰ ਗੌਤਮ ਗੰਭੀਰ ਅਤੇ ਅਦਾਕਾਰ ਮਨੋਜ ਵਾਜਪਾਈ ਪ੍ਰਮੁੱਖ ਹਨ।


ਸ਼ਨਿਚਰਵਾਰ ਨੂੰ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਕਈ ਹੋਰ ਕੈਬਨਿਟ ਮੰਤਰੀਆਂ ਦੀ ਮੌਜੂਦਗੀ ਵਿਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਤੀਜਨਬਾਈ ਅਤੇ ਲਾਰਸਨ ਐਂਡ ਟੂਬ੍ਰੋ ਕੰਪਨੀ ਦੇ ਚੇਅਰਮੈਨ ਅਨਿਲ ਕੁਮਾਰ ਨਾਈਕ ਨੂੰ ਦੂਜੇ ਸਰਵਉੱਚ ਨਾਗਰਿਕ ਪੁਰਸਕਾਰ ਪਦਮ ਵਿਭੂਸ਼ਣ ਨਾਲ ਨਵਾਜਿਆ। ਉਥੇ, ਪ੍ਰਰਾਚੀਨ ਸਰਸਵਤੀ ਨਦੀ ਦੀ ਖੋਜ ਵਿਚ ਲੱਗੇ ਰਾਸ਼ਟਰੀ ਸਵੈਸੇਵਕ ਸੰਘ ਦੇ ਨੇਤਾ ਦਰਸ਼ਨ ਲਾਲ ਜੈਨ, ਐੱਮਡੀਐੱਚ ਦੇ ਸੰਸਥਾਪਕ ਸੀਈਓ ਮਹਾਸ਼ਿਆ ਧਰਮਪਾਲ ਗੁਲਾਟੀ, ਸਿਹਤ ਖੇਤਰ ਤੋਂ ਅਸ਼ੋਕ ਲਕਸ਼ਮਣਰਾਓ ਕੁਕਾੜੇ, ਨਾਂਬੀ ਨਾਰਾਇਣ, ਪਰਬਤਾਰੋਹੀ ਬਛੇਂਦ੍ਰੀ ਪਾਲ ਅਤੇ ਕੈਗ ਦੇ ਸਾਬਕਾ ਮੁਖੀ ਵੀਕੇ ਸ਼ੁੰਗਲੂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।


1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਲਈ ਲੰਬੀ ਕਾਨੂੰਨੀ ਲੜਾਈ ਲੜਨ ਵਾਲੇ ਵਕੀਲ ਐੱਚਐੱਸ ਫੂਲਕਾ, ਰਾਮਜਨਮ ਭੂਮੀ ਵਿਚ ਰਾਮ ਮੰਦਰ ਦੇ ਸਬੂਤ ਦੱਸਣ ਵਾਲੇ ਸੀਨੀਅਰ ਪੁਰਾਤੱਤਵੇਤਾ ਮੁਹੰਮਦ ਕੇਕੇ, ਫਿਲਮੀ ਪਰਦੇ 'ਤੇ ਯਾਦਗਾਰ ਭੂਮਿਕਾਵਾਂ ਲਈ ਮਨੋਜ ਵਾਜਪਾਈ, ਫੁੱਟਬਾਲ ਖਿਡਾਰੀ ਸੁਨੀਲ ਛੇਤਰੀ, ਕ੍ਰਿਕਟਰ ਗੌਤਮ ਗੰਭੀਰ, ਭਾਰਤੀ ਮਹਿਲਾ ਬਾਸਕਟਬਾਲ ਟੀਮ ਦੀ ਕਪਤਾਨ ਪ੍ਰਸ਼ਾਂਤੀ ਸਿੰਘ ਨੂੰ ਰਾਸ਼ਟਰਪਤੀ ਨੇ ਪਦਮਸ਼੍ਰੀ ਨਾਲ ਨਵਾਜਿਆ।


ਇਸ ਤੋਂ ਇਲਾਵਾ, ਲਖਨਊ ਘਰਾਣੇ ਦੇ ਪ੍ਰਸਿੱਧ ਤਬਲਾ ਵਾਦਕ ਸਵਪਨ ਚੌਧਰੀ ਅਤੇ ਵਾਰਾਨਸੀ ਦੇ ਭੋਜਪੁਰੀ ਗਾਇਕ ਹੀਰਾਲਾਲ ਯਾਦਵ, ਐਸਿੰਡ ਅਟੈਕ ਪੀੜਤਾਂ ਲਈ ਕੰਮ ਕਰਨ ਵਾਲੇ ਪਲਾਸਟਿਕ ਸਰਜਨ ਰਾਮਾਸਵਾਮੀ ਵੈਂਕਟਸਵਾਮੀ, ਆਰਗੇਨਿਕ ਖੇਤੀ ਕਰਨ ਵਾਲੇ ਭਾਰਤ ਭੂਸ਼ਣ ਤਿਆਗੀ ਅਤੇ ਕੰਵਲ ਸਿੰਘ ਚੌਹਾਨ, ਗ਼ਰੀਬ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿਵਾਉਣ ਵਾਲੇ ਚਾਹ ਵਿਕਰੇਤਾ ਦੇਵਰਾਪੱਲੀ ਪ੍ਰਕਾਸ਼ ਰਾਓ ਨੂੰ ਵੀ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। 13 ਸਾਲ ਸੰਘ ਪ੍ਰਚਾਰਕ ਰਹੇ ਸਵਰੂਪ ਕੇ ਐੱਮਐੱਸ ਗੋਲਵਲਕਰ ਤੋਂ ਲੈ ਕੇ ਕੇਐੱਸ ਸੁਦਰਸ਼ਨ ਤਕ ਚਾਰ ਸਰਸੰਘਚਾਲਕਾਂ ਨਾਲ ਕਰੀਬੀ ਰਿਸ਼ਤੇ ਸਨ।


ਜ਼ਿਕਰਯੋਗ ਹੈ ਕਿ ਗਣਤੰਤਰ ਦਿਵਸ ਦੀ ਪੂਰਵਲੀ ਸ਼ਾਮ ਕੁੱਲ 112 ਹਸਤੀਆਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਸੀ। ਇਨ੍ਹਾਂ ਵਿਚੋਂ 47 ਹਸਤੀਆਂ ਨੂੰ ਬੀਤੀ 11 ਮਾਰਚ ਨੂੰ ਹੀ ਰਾਸ਼ਟਰਪਤੀ ਪੁਰਸਕਾਰ ਪ੍ਰਦਾਨ ਕਰ ਚੁੱਕੇ ਹਨ।