ਨਵੀਂ ਦਿੱਲੀ: ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਨਾਲ ਲੱਦਾਖ਼ ਦੇ ਸਰੂਪ 'ਚ ਆਏ ਬਦਲਾਅ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉੱਥੋਂ ਦੇ ਲੋਕਾਂ ਲਈ ਲਾਭਕਾਰੀ ਕਰਾਰ ਦਿੱਤਾ ਹੈ। 73ਵੇਂ ਆਜ਼ਾਦੀ ਦਿਵਸ ਦੀ ਪੂਰਬਲੀ ਸ਼ਾਮ 'ਤੇ ਰਾਸ਼ਟਰ ਦੇ ਨਾਂ ਭਾਸ਼ਣ 'ਚ ਰਾਸ਼ਟਰਪਤੀ ਨੇ ਕਿਹਾ ਕਿ ਜੰਮੂ-ਕਸ਼ਮੀਰ ਨੂੰ ਲੈ ਕੇ ਕੀਤੇ ਗਏ ਬਦਲਾਵਾਂ ਨਾਲ ਬਰਾਬਰੀ ਨੂੰ ਨਿਸ਼ਚਿਤ ਕਰਨ ਵਾਲੇ ਪ੍ਰਗਤੀਸ਼ੀਲ ਕਾਨੂੰਨ ਉੱਥੇ ਲਾਗੂ ਹੋਣਗੇ। ਇਸ 'ਚ ਸੂਚਨਾ ਦਾ ਅਧਿਕਾਰ, ਸਿੱਖਿਆ ਦਾ ਅਧਿਕਾਰ ਤੋਂ ਲੈਕੇ ਤੁਰੰਤ ਤਿੰਨ ਤਲਾਕ ਵਰਗੇ ਅਹਿਮ ਕਾਨੂੰਨਾਂ ਦਾ ਫਾਇਦਾ ਵੀ ਸ਼ਾਮਲ ਹੈ।


ਅਧਿਕਾਰਾਂ ਅਤੇ ਸਹੂਲਤਾਂ ਦਾ ਮਿਲੇਗਾ ਲਾਭ

ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਜੰਮੂ-ਕਸ਼ਮੀਰ ਅਤੇ ਲੱਦਾਖ਼ ਲਈ ਹਾਲਤ ਹੀ ਵਿੱਚ ਕੀਤੇ ਗਏ ਬਦਲਾਵਾਂ ਤੋਂ ਬਾਅਦ ਉੱਥੋਂ ਦੇ ਨਾਗਰਿਕ ਹੁਣ ਉਨ੍ਹਾਂ ਸਾਰੇ ਅਧਿਕਾਰਾਂ ਅਤੇ ਸਹੂਲਤਾਂ ਦਾ ਲਾਭ ਉਠਾ ਸਕਣਗੇ, ਜੋ ਦੇਸ਼ ਦੇ ਦੂਜੇ ਖੇਤਰ ਦੇ ਨਾਗਿਰਕਾਂ ਨੂੰ ਮਿਲਦੇ ਹਨ। ਸਿੱਖਿਆ ਦਾ ਅਧਿਕਾਰ ਕਾਨੂੰਨ ਲਾਗੂ ਹੋਣ ਨਾਲ ਸਾਰੇ ਬੱਚਿਆਂ ਦੀ ਸਿੱਖਿਆ ਨਿਸ਼ਚਿਤ ਕੀਤੀ ਜਾ ਸਕੇਗੀ। ਆਰਟੀਆਈ ਮਿਲਣ ਨਾਲ ਜਨਹਿੱਤ ਦੀਆਂ ਸੂਚਨਾਵਾਂ ਮਿਲ ਸਕਣਗੀਆਂ। ਰਵਾਇਤੀ ਤੌਰ 'ਤੇ ਵਾਂਝੇ ਰਹੇ ਲੋਕਾਂ ਨੂੰ ਸਿੱਖਿਆ ਅਤੇਨੌਕਰੀ 'ਚ ਰਾਖਵਾਂਕਰਨ ਦਾ ਲਾਭ ਮਿਲ ਸਕੇਗੀ। ਤਿੰਨ ਤਲਾਕ ਵਰਗਾ ਸਰਾਪ ਸਮਾਪਤ ਹੋ ਜਾਣ ਨਾਲ ਉੱਥੋਂ ਦੀਆਂ ਸਾਡੀਆਂ ਧੀਆਂ ਨੂੰ ਵੀ ਇਨਸਾਫ਼ ਦੇ ਨਾਲ ਡਰ ਮੁਕਤ ਜੀਵਨ ਜਿਉਣ ਦਾ ਮੌਕਾ ਮਿਲੇਗਾ।


ਜੀਓ ਅਤੇ ਜਿਉਣ ਦਿਓ ਦਾ ਸਿਧਾਂਤ

ਪਿਛਲੇ ਦਿਨੀਂ ਵਾਪਰੀਆਂ ਕੁਝ ਘਟਨਾਵਾਂ ਅਤੇ ਵਿਵਾਦਿਤ ਬਿਆਨਾਂ ਦੌਰਾਨ ਕੋਵਿੰਦ ਨੇ ਦੇਸ਼ ਦੀ ਸਮਾਵੇਸ਼ੀ ਸੰਸਕ੍ਰਿਤੀ ਦੀ ਯਾਦ ਦਿਵਾਈ। ਉਨ੍ਹਾਂ ਕਿਹਾ ਕਿ ਭਾਰਤ ਦਾ ਸਮਾਜ ਤਾਂ ਹਮੇਸ਼ਾ 'ਜੀਓ ਅਤੇ ਜਿਉਣ ਦਿਓ' ਦੇ ਸਿਧਾਂਤ 'ਤੇ ਚਲਦਾ ਰਿਹਾ ਹੈ। ਭਾਸ਼ਾ, ਪੰਥ ਅਤੇ ਖੇਤਰ ਦੀਆਂ ਹੱਦ ਤੋਂ ਉੱਪਰ ਉੱਠ ਕੇ ਇਕ-ਦੂਜੇ ਦਾ ਸਨਮਾਨ ਕਰਦੇ ਰਹੇ ਹਨ ਅਤੇ ਇਹ ਸਾਡੇ ਇਤਿਹਾਸ ਤੇ ਵਿਰਾਸਤ ਦਾ ਬੁਨਿਆਦੀ ਹਿੱਸਾ ਹੈ।


ਸੰਸਦ ਦੇ ਸੈਸ਼ਨ 'ਤੇ ਪ੍ਰਗਟਾਈ ਖ਼ੁਸ਼ੀ

ਰਾਸ਼ਟਰਪਤੀਨੇ ਸੰਸਦ ਦੇ ਹਾਲ ਹੀ ਵਿੱਚ ਸਮਾਪਤ ਹੋਏ ਸੈਸ਼ਨ ਦੀ ਕਾਮਯਾਬੀ 'ਤੇ ਖ਼ੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਕਿ ਸਿਆਸੀ ਪਾਰਟੀਆਂ ਦੇ ਰਵਾਇਤੀ ਸਹਿਯੋਗ ਨਾਲ ਕਈ ਅਹਿਮ ਬਿੱਲ ਪਾਸ ਕੀਤੇ ਗਏ। ਸੰਸਦ ਦੀ ਇਸ ਸਫਲਤਾ ਦੇ ਅਗਲੇ ਪੰਜ ਸਾਲ ਤੱਕ ਜਾਰੀ ਰਹਿਣ ਦੀ ਉਮੀਦ ਦੇ ਨਾਲ ਕੋਵਿੰਦ ਨੇ ਰਾਜਾਂ ਦੀਆਂ ਵਿਧਾਨ ਸਭਾਵਾਂ ਨੂੰ ਵੀ ਸੰਸਦ ਦੀ ਇਸ ਪ੍ਰਭਾਵੀ ਕਾਰਜ ਸੰਸਕ੍ਰਿਤੀ ਨੂੰ ਅਪਣਾਉਣ ਦੀ ਸਲਾਹ ਦਿੱਤੀ। ਲੋਕਤੰਤਰ ਨੂੰ ਮਜ਼ਬੂਤ ਕਰਨ ਲਈਸੰਸਦ ਅਤੇ ਵਿਧਾਨ ਸਭਾਵਾਂ 'ਚ ਆਦਰਸ਼, ਕਾਰਜ ਸੰਸਕ੍ਰਿਤੀ ਦਾ ਉਦਾਹਰਨ ਪੇਸ਼ ਕਰਨਾ ਜ਼ਰੂਰੀ ਹੈ। ਇਹ ਸਿਰਫ਼ ਇਸ ਲਈ ਜ਼ਰੂਰੀ ਨਹੀਂ ਕਿ ਚੁਣੇ ਹੋਏ ਨੁਮਾਇੰਦੇ ਵੋਟਰ ਦੇ ਵਿਸ਼ਵਾਸ 'ਤੇ ਖ਼ਰਾ ਉੱਤਰ ਸਕੇ ਸਗੋਂ ਰਾਸ਼ਟਰ ਨਿਰਮਾਣ 'ਚ ਹਰ ਸੰਸਥਾਅਤੇ ਹਿੱਤਧਾਰਕ ਇਕੱਠੇਹੋ ਕੇ ਕੰਮ ਕਰ ਸਕਣ।


ਲੋਕ ਕਲਿਆਣ ਦੀਆਂ ਯੋਜਨਾਵਾਂ ਦਾ ਵਰਣਨ

ਲੋਕਸਭਾ ਚੋਣਾਂ 'ਚ ਵੋਟਰਾਂ ਦੀ ਵੱਡੀ ਗਿਣਤੀ 'ਚ ਹਿੱਸੇਦਾਰੀ 'ਤੇ ਹੈਰਾਨੀ ਪ੍ਰਗਟ ਕਰਦੇ ਹੋਏ ਰਾਸ਼ਟਰਪਤੀਨੇ ਕਿਹਾ ਕਿ ਬਹੁਮਤ 'ਚ ਲੋਕਾਂ ਦੀਆਂ ਉਮੀਦਾਂ ਸਾਫ਼ ਦਿਖਾਈ ਦਿੰਦੀਆਂ ਹਨ। ਇਨ੍ਹਾਂ ਨੂੰ ਪੂਰਾ ਕਰਨ 'ਚ ਸਰਕਾਰ ਆਪਣੀ ਭੂਮਿਕਾ ਨਿਭਾਉਂਦੀ ਹੈ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਦੇਸ਼ ਦੀ 130 ਕਰੋੜ ਦੀ ਆਬਾਦੀ ਆਪਣੇ ਕੌਸ਼ਲ, ਪ੍ਰਤਿਭਾ,ਉੱਦਮ ਅਤੇ ਇਨੋਵੇਸ਼ਨ ਦੇ ਜ਼ਰੀਏ ਵਿਕਾਸ ਦੇ ਹੋਰ ਜ਼ਿਆਦਾ ਮੌਕੇ ਪੈਦਾ ਕਰ ਸਕਦੀ ਹੈ। ਰਾਸ਼ਟਰਪਤੀ ਨੇ ਇਸ ਲੜੀ 'ਚ ਜਨਤਾ ਦੀ ਜ਼ਿੰਦਗੀ ਬਿਹਤਰਕਰਨ ਦੀ ਦਿਸ਼ਾ 'ਚ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਕਲਿਆਣ ਦੀਆਂ ਯੋਜਨਾਵਾਂ ਅਤੇ ਵਿਕਾਸ ਦੇ ਕੰਮਾਂ ਦਾ ਵਰਣਨ ਕੀਤਾ। ਇਸ 'ਚ ਗ਼ਰੀਬਾਂ ਦੇ ਘਰ ਬਣਾਉਣੇ, ਹਰ ਘਰ 'ਚ ਬਿਜਲੀ ਪਹੁੰਚਾਉਣ, ਪਖ਼ਾਨਾ, ਸਿੰਚਾਈ ਦੀ ਸਹੂਲਤ ਤੋਂ ਲੈ ਕੇ ਦਿਹਾਤੀ ਸੜਕਾਂ ਨੂੰ ਮੁੱਖ ਮਾਰਗ ਨਾਲ ਜੋੜਨ ਵਾਲੇ ਕੰਮਾਂ ਦਾ ਜ਼ਿਕਰ ਕੀਤਾ।


ਕੌਮੀ ਜਾਇਦਾਦ ਦੀ ਸੁਰੱਖਿਆ ਵੀ ਆਜ਼ਾਦੀ ਦੀ ਰੱਖਿਆ

ਰਾਸ਼ਟਰਪਤੀਨੇ ਇਸ ਮੌਕੇ ਲੋਕਾਂ ਨੂੰ ਖ਼ਾਸ ਤੌਰ 'ਤੇ ਕੌਮੀ ਜਾਇਦਾਦ ਦੀ ਸੁਰੱਖਿਆ 'ਤੇ ਚੌਕਸ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਕੌਮੀ ਜਾਇਦਾਦ ਦੀ ਸੁਰੱਖਿਆ ਵੀ ਆਜ਼ਾਦੀ ਦੀ ਰੱਖਿਆ ਨਾਲ ਜੁੜੀ ਹੋਈ ਹੈ ਅਤੇ ਅਜਿਹਾ ਕਰਨਾ ਦੇਸ਼ ਪ੍ਰੇਮ ਦੀ ਭਾਵਨਾ ਅਤੇ ਸੰਕਲਪ ਨੂੰ ਦਰਸਾਉਂਦਾ ਹੈ। ਉਨ੍ਹਾਂ ਜਨਤਾ ਨੂੰ ਕੌਮੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਯਤਨਾਂ ਨੂੰ ਆਪਣੀ ਸਰਗਰਮੀ ਨਾਲ ਰੋਕਣ ਦੀ ਅਪੀਲ ਵੀ ਕੀਤੀ।

Posted By: Jagjit Singh