ਜੇਐੱਨਐੱਨ, ਨਵੀਂ ਦਿੱਲੀ : ਕੁਝ ਕਰਨ ਦੀ ਚਾਹ ਹੋਵੇ ਤਾਂ ਹਿੰਮਤ ਵੀ ਤੁਹਾਡਾ ਸਾਥ ਦੇਣ ਲੱਗਦੀ ਹੈ। ਅਜਿਹਾ ਹੀ ਹੋਇਆ ਪ੍ਰਾਂਜਲ ਪਾਟਿਲ ਨਾਲ। ਪ੍ਰਾਂਜਲ ਦੀਆਂ ਅੱਖਾਂ ਨਹੀਂ ਹਨ ਪਰ ਉਸ ਦੀ ਹਿੰਮਤ ਨੇ ਹਮੇਸ਼ਾ ਉਸ ਦਾ ਸਾਥ ਨਿਭਾਇਆ। ਉਸ ਦੇ ਇਸ ਹੌਸਲੇ ਨਾਲ ਅੱਜ ਉਹ ਦੇਸ਼ ਦੀ ਪਹਿਲੀ ਨੇੱਤਰਹੀਣ ਮਹਿਲਾ ਆਈਏਐੱਸ (IAS) ਬਣੀ ਹੈ। ਸੋਮਵਾਰ ਨੂੰ ਉਸ ਨੇ ਤਿਰੁਵਨੰਤਪੁਰਮ 'ਚ ਸਭ-ਕਲੈਕਟਰ ਦਾ ਚਾਰਜ ਸੰਭਾਲਿਆ ਹੈ।

ਮਹਾਰਾਸ਼ਟਰ ਦੇ ਉੱਲਾਸਨਗਰ 'ਚ ਰਹਿਣ ਵਾਲੀ ਪ੍ਰਾਂਜਲ ਦੀਆਂ ਅੱਖਾਂ ਦੀ ਰੋਸ਼ਨੀ ਬਚਪਨ ਤੋਂ ਹੀ ਕਮਜ਼ੋਰ ਸੀ। 6 ਸਾਲ ਦੀ ਉਮਰ 'ਚ ਉਸ ਨੇ ਆਪਣੀਆਂ ਅੱਖਾਂ ਦੀ ਰੋਸ਼ਨੀ ਪੂਰੀ ਤਰ੍ਹਾਂ ਗੁਆ ਦਿੱਤੀ ਸੀ। ਜ਼ਿੰਦਗੀ 'ਚ ਹੋਏ ਇੰਨੇ ਵੱਡੇ ਬਦਲਾਅ ਤੋਂ ਬਾਅਦ ਉਸ ਨੇ ਹਿੰਮਤ ਨਹੀਂ ਹਾਰੀ ਤੇ ਉਹ ਅੱਜ ਸਾਰੀਆਂ ਲੜਕੀਆਂ ਲਈ ਮਿਸਾਲ ਬਣ ਰਹੀ ਹੈ।

ਉਸ ਨੇ ਕਦੀ ਹਿੰਮਤ ਨਹੀਂ ਹਾਰੀ ਤੇ ਕੜੀ ਮੁਸ਼ੱਕਤ ਨਾਲ ਆਪਣਾ ਟੀਚਾ ਹਾਸਿਲ ਕੀਤਾ। ਆਪਣੇ ਪਹਿਲੇ ਹੀ ਯਤਨ 'ਚ ਉਸ ਨੇ ਯੂਪੀਐੱਸਸੀ ਦੀ ਸਿਵਲ ਸੇਵਾ ਪ੍ਰੀਖਿਆ 'ਚ 773ਵਾਂ ਰੈਂਕ ਹਾਸਿਲ ਕੀਤਾ।

ਪ੍ਰਾਂਜਲ ਦੀ ਸਿੱਖਿਆ ਦੀ ਗੱਲ ਕਰੀਏ ਤਾਂ ਉਸ ਨੇ ਮੁੰਬਈ ਦੇ ਸ਼੍ਰੀਮਤੀ ਕਮਲਾ ਮਹਿਤਾ ਸਕੂਲ ਤੋਂ ਪੜ੍ਹਾਈ ਕੀਤੀ ਹੈ। ਇਹ ਸਕੂਲ ਖਾਸ ਬੱਚਿਆਂ ਲਈ ਹੈ। ਇੱਥੇ ਬ੍ਰੇਲ ਲਿਪੀ 'ਚ ਪੜ੍ਹਾਈ ਕਰਵਾਈ ਜਾਂਦੀ ਹੈ। ਪ੍ਰਾਂਜਲ ਨੇ ਇੱਥੋਂ ਆਪਣੀ 10ਵੀਂ ਪੂਰੀ ਕੀਤੀ। ਇਸ ਤੋਂ ਬਾਅਦ ਉਸ ਨੇ ਚੰਦਾਬਾਈ ਕਾਲਜ ਤੋਂ ਆਰਟਸ 'ਚ 12ਵੀਂ ਜਮਾਤ ਦੀ ਪੜ੍ਹਾਈ ਪੂਰੀ ਕੀਤੀ। ਅੱਗੇ ਦੀ ਸਿੱਖਿਆ ਪੂਰੀ ਕਰਨ ਲਈ ਉਸ ਨੇ ਮੁੰਬਈ ਦੇ ਸੇਂਟ ਜ਼ੇਵੀਅਰ ਕਾਲਜ 'ਚ ਐਡਮਿਸ਼ਨ ਲਈ। ਇਸ ਤੋਂ ਇਲਾਵਾ ਉਸ ਨੇ ਦਿੱਲੀ ਦੀ ਜੇਐੱਨਯੂ ਯੂਨੀਵਰਸਿਟੀ 'ਤੋਂ ਐੱਮ ਏ ਕੀਤੀ ਹੈ।

ਪ੍ਰਾਂਜਲ ਨੇ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਦੌਰਾਨ ਆਈਏਐੱਸ ਬਣਨ ਦਾ ਸੁਪਨਾ ਦੇਖਿਆ ਸੀ। ਅਸਲ ਵਿਚ ਪਹਿਲੀ ਵਾਰ ਉਸ ਨੇ ਤੇ ਉਸ ਦੇ ਦੋਸਤ ਨੇ ਯੂਪੀਐੱਸਸੀ ਬਾਰੇ ਲੇਖ ਪੜ੍ਹਿਆ। ਇਸ ਤੋਂ ਬਾਅਦ ਪ੍ਰਾਂਜਲ ਨੂੰ ਇੱਥੋਂ ਕਾਫੀ ਸਿੱਖਿਆ ਮਿਲੀ। ਹੌਲੀ-ਹੌਲੀ ਉਸ ਨੇ ਯੂਪੀਐੱਸਸੀ ਪ੍ਰੀਖਿਆ ਨਾਲ ਜੁੜੀ ਜਾਣਕਾਰੀ ਇਕੱਤਰ ਕਰਨੀ ਸ਼ੁਰੂ ਕਰ ਦਿੱਤੀ। ਇੱਥੇ ਹੀ ਉਸ ਨੇ ਠਾਣ ਲਿਆ ਕਿ ਉਹ ਹੁਣ ਆਈਏਐੱਸ ਬਣੇਗੀ।

Posted By: Seema Anand