ਨਵੀਂ ਦਿੱਲੀ/ਮੁੰਬਈ : ਯੂਪੀਏ ਸਰਕਾਰ ਵਿਚ ਸ਼ਹਿਰੀ ਹਵਾਬਾਜ਼ੀ ਮੰਤਰੀ ਰਹੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇਤਾ ਪ੍ਰਫੁੱਲ ਪਟੇਲ ਵੀਰਵਾਰ ਨੂੰ ਪੁੱਛਗਿੱਛ ਲਈ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਨਾ ਹੋਏ। ਲਿਹਾਜ਼ਾ, ਈਡੀ ਨੇ ਕਰੋੜਾਂ ਰੁਪਏ ਦੇ ਏਅਰ ਇੰਡੀਆ ਏਅਰਲਾਈਨਜ਼ ਘੁਟਾਲੇ ਵਿਚ ਪੁੱਛਗਿੱਛ ਲਈ ਉਨ੍ਹਾਂ ਨੂੰ ਅਗਲੇ ਹਫ਼ਤੇ ਮੁੜ ਤਲਬ ਕੀਤਾ ਹੈ। ਇਸ ਵਾਰ ਉਨ੍ਹਾਂ ਨੂੰ 10 ਜਾਂ 11 ਜੂਨ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਈਡੀ ਅਧਿਕਾਰੀਆਂ ਨੇ ਦੱਸਿਆ ਕਿ 62 ਵਰਿ੍ਆਂ ਦੇ ਪਟੇਲ ਨੂੰ ਈਡੀ ਨੇ ਐਵੀਏਸ਼ਨ ਲਾਬਿਸਟ ਦੀਪਕ ਤਲਵਾੜ ਦੀ ਕੁਝ ਅਰਸੇ ਪਹਿਲਾਂ ਗਿ੍ਫ਼ਤਾਰੀ ਤੋਂ ਬਾਅਦ ਤਲਬ ਕੀਤਾ ਹੈ। ਈਡੀ ਨੇ ਅਦਾਲਤ ਵਿਚ ਦਾਇਰ ਆਪਣੇ ਦੋਸ਼ ਪੱਤਰ ਵਿਚ ਕਿਹਾ ਹੈ ਕਿ ਦੀਪਕ ਤਲਵਾੜ ਉਨ੍ਹਾਂ ਦਾ ਕਰੀਬੀ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਤਲਵਾੜ ਨਿਯਮਿਤ ਰੂਪ ਨਾਲ ਪ੍ਰਫੁੱਲ ਪਟੇਲ ਦੇ ਸੰਪਰਕ ਵਿਚ ਸੀ।

ਸੂਤਰਾਂ ਦਾ ਕਹਿਣਾ ਹੈ ਕਿ ਈਡੀ ਨੇ ਪਹਿਲਾਂ ਹੀ ਇਸ ਸਿਲਸਿਲੇ ਵਿਚ ਸਰਕਾਰੀ ਏਅਰਲਾਈਨਜ਼ ਏਅਰ ਇੰਡੀਆ ਦੇ ਕਈ ਸੀਨੀਅਰ ਅਫਸਰਾਂ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ। ਪਟੇਲ ਤੋਂ ਵੀਰਵਾਰ ਨੂੰ ਈਡੀ ਦੇ ਸਾਹਮਣੇ ਤਲਵਾੜ ਦੇ ਦਿੱਤੇ ਬਿਆਨਾਂ ਅਤੇ ਪੁੱਛਗਿੱਛ ਦੌਰਾਨ ਖੋਲ੍ਹੇ ਕਈ ਰਾਜ਼ ਦੇ ਬਾਰੇ ਵਿਚ ਜਾਣਕਾਰੀ ਲਈ ਜਾਣੀ ਸੀ ਪਰ ਫਿਲਹਾਲ ਉਨ੍ਹਾਂ ਦਾ ਬਿਆਨ ਲਿਆ ਜਾਣਾ ਉਨ੍ਹਾਂ ਦੀ ਗ਼ੈਰ ਹਾਜ਼ਰੀ ਦੇ ਚੱਲਦੇ ਟਲ਼ ਗਿਆ ਹੈ। ਰਾਜ ਸਭਾ ਮੈਂਬਰ ਮੈਂਬਰ ਪ੍ਰਫੁੱਲ ਪਟੇਲ ਦਾ ਬਿਆਨ ਪਿ੍ਰਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ (ਪੀਐੱਮਐੱਲਏ) ਤਹਿਤ ਦਰਜ ਕੀਤਾ ਜਾਣਾ ਹੈ।

ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੀ ਭੰਡਾਰਾ-ਗੋਂਡੀਆ ਲੋਕ ਸਭਾ ਸੀਟ ਤੋਂ ਚਾਰ ਵਾਰ ਲੋਕ ਸਭਾ ਮੈਂਬਰ ਰਹਿ ਚੁੱਕਰੇ ਪਟੇਲ ਨੇ ਪਹਿਲਾਂ ਕਿਹਾ ਸੀ ਕਿ ਉਹ ਸ਼ਹਿਰੀ ਹਵਾਬਾਜ਼ੀ ਉਦਯੋਗ ਦੀਆਂ ਮੁਸ਼ਕਲਾਂ ਨੂੰ ਸਮਝਦੇ ਹਨ। ਉਹ ਖ਼ੁਸ਼ੀ ਨਾਲ ਈਡੀ ਨਾਲ ਸਹਿਯੋਗ ਕਰਨਗੇ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਨੇਤਾ ਅਤੇ ਸਾਲ 2004 ਤੋਂ 2011 ਤਕ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਸੰਭਾਲਣ ਵਾਲੇ ਪਟੇਲ ਨੂੰ ਫਿਲਹਾਲ ਇਸ ਮਾਮਲੇ ਵਿਚ ਬਤੌਰ ਮੁਲਜ਼ਮ ਪੇਸ਼ ਨਹੀਂ ਕੀਤਾ ਗਿਆ ਹੈ। ਦੋਸ਼ ਹੈ ਕਿ ਤਲਵਾੜ ਨੇ ਐਮਿਰੇਟਸ ਅਤੇ ਏਅਰ ਅਰੇਬੀਆ ਏਅਰਲਾਈਨਜ਼ ਵੱਲੋਂ ਪਟੇਲ ਨੂੰ ਲਿਖੇ ਗਏ ਕਈ ਪੱਤਰਾਂ ਨੂੰ ਖ਼ੁਦ ਹੀ ਅੰਤਿਮ ਰੂਪ ਦਿੱਤਾ ਸੀ। ਤਲਵਾੜ 'ਤੇ ਦੋਸ਼ ਹੈ ਕਿ ਆਪਣੇ ਸੰਪਰਕਾਂ ਦਾ ਇਸਤੇਮਾਲ ਕਰ ਕੇ ਉਸ ਨੇ ਨਿੱਜੀ ਏਅਰਲਾਈਨਾਂ ਤੋਂ ਬਹੁਤ ਸਾਰੇ ਫ਼ਾਇਦੇ ਲਏ ਹਨ। ਈਡੀ ਦਾ ਦਾਅਵਾ ਹੈ ਕਿ ਉਸ ਨੇ ਏਅਰ ਇੰਡੀਆ ਦੇ ਉਡਾਣ ਵਾਲੇ ਕਈ ਕਾਰੋਬਾਰੀ ਰੂਟਾਂ ਦਾ ਸਾਲ 2008-09 ਵਿਚਾਲੇ ਨਾਜਾਇਜ਼ ਰੂਪ ਨਾਲ ਐਮਿਰੇਟਸ, ਏਅਰ ਅਰੇਬੀਆ ਏਅਰਲਾਈਨਜ਼ ਅਤੇ ਕਤਰ ਏਅਰਵੇਜ਼ ਦੀ ਝੋਲੀ ਵਿਚ ਪਾ ਦਿੱਤਾ ਸੀ। ਇਸ ਦੇ ਬਦਲੇ ਵਿਚ ਉਸ ਨੂੰ 272 ਕਰੋੜ ਰੁਪਏ ਦੀ ਦਲਾਲੀ ਮਿਲੀ ਸੀ।