ਨਵੀਂ ਦਿੱਲੀ : ਦੱਖਣੀ-ਪੱਛਮੀ ਮੌਨਸੂਨ ਸ਼ੁੱਕਰਵਾਰ ਨੂੰ ਆਪਣੇ ਆਖਰੀ ਪੜਾਅ ਤੱਕ ਪਹੁੰਚ ਗਈ ਹੈ। ਮੌਨਸੂਨ ਆਮ ਤੌਰ 'ਤੇ 15 ਜੁਲਾਈ ਤੱਕ ਪੂਰੇ ਦੇਸ਼ ਨੂੰ ਕਵਰ ਕਰ ਲੈਂਦਾ ਹੈ ਪਰ ਇਸ ਵਾਰ 4 ਦਿਨ ਦੇਰੀ ਨਾਲ ਆਖਰੀ ਪੜਾਅ 'ਤੇ ਪਹੁੰਚਿਆ ਹੈ। ਇਸ ਦਰਮਿਆਨ, ਅਸਾਮ ਅਤੇ ਬਿਹਾਰ ਵਰਗੇ ਰਾਜਾਂ 'ਚ ਜਿੱਥੇ ਹੜ੍ਹ ਦਾ ਕਹਿਰ ਹੈ, ਉੱਥੇ ਜ਼ਿਆਦਾਤਰ ਰਾਜਾਂ 'ਚ ਬਾਰਿਸ਼ ਦੇ ਲੰਬੇ ਬਰੇਕ ਨੇ ਚਿੰਤਾਵਾਂ ਵਧਾ ਦਿੱਤੀਆਂ ਹਨ। ਮੱਧ ਪ੍ਰਦੇਸ਼, ਪੰਜਾਬ, ਛੱਤੀਸਗੜ੍ਹ, ਰਾਜਸਥਾਨ, ਗੁਜਰਾਤ, ਯੂਪੀ ਅਤੇ ਹਰਿਆਣਾ 'ਚ ਔਸਤ ਤੋਂ ਘੱਟ ਬਾਰਿਸ਼ ਦਰਜ ਹੋਈ ਹੈ। ਹਾਲਾਂਕਿ ਮੌਸਮ ਵਿਭਾਗ ਨੇ ਆਉਂਦੇ 24 ਘੰਟਿਆਂ 'ਚ ਕਈ ਥਾਵਾਂ 'ਤੇ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਪੜ੍ਹੋ ਮੌਨਸੂਨ ਨਾਲ ਜੁੜੀਆਂ ਗੱਲਾਂ :

ਅਗਲੇ 24 ਘੰਟਿਆਂ ਦੌਰਾਨ, ਉੱਤਰ ਕੇਰਲ ਅਤੇ ਇਸ ਨਾਲ ਲੱਗਦੇ ਕਰਨਾਟਕ ਦੇ ਦੱਖਣੀ ਕੰਢੀ ਹਿੱਸਿਆਂ 'ਚ ਭਾਰੀ ਬਾਰਿਸ਼ ਹੋ ਸਕਦੀ ਹੈ। ਇੱਕ-ਦੋ ਥਾਵਾਂ 'ਚ ਬੇਹੱਦ ਭਾਰੀ ਬਾਰਿਸ਼ ਦਾ ਅਲਰਟ ਵੀ ਜਾਰੀ ਕੀਤਾ ਿਗਆ ਹੈ। ਉੱਥੇ, ਕੇਰਲ, ਮੱਧ ਮਹਾਰਾਸ਼ਟਰ, ਗੁਜਰਾਤ ਅਤੇ ਦੱਖਣੀ-ਪੱਛਮੀ ਮੱਧ ਪ੍ਰਦੇਸ਼ ਦੇ ਇਲਾਕਿਆਂ 'ਚ ਮੱਧ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ।

ਇਸ ਤੋਂ ਇਲਾਵਾ ਮਰਾਠਵਾੜਾ, ਵਿਦਰਭ, ਦੱਖਣੀ ਕੋਂਕਣ-ਗੋਆ, ਛੱਤੀਸਗੜ੍ਹ, ਤੇਲੰਗਾਨਾ, ਦੱਖਣੀ ਉਡੀਸ਼ਾ, ਤੱਟੀ ਆਂਧਰਾ ਪ੍ਰਦੇਸ਼, ਦੱਖਣੀ ਅੰਦਰੂਨੀ ਕਰਨਾਟਕ, ਉਪ-ਹਿਮਾਲੀ ਪੱਛਮੀ ਬੰਗਾਲ ਅਤੇ ਉੱਤਰਾਖੰਡ ਦੇ ਹਿੱਸਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਰਾਇਲਸੀਮਾ, ਉੱਤਰੀ ਅੰਦਰੂਨੀ ਕਰਨਾਟਕ, ਤਾਮਿਲਨਾਡੂ, ਪੰਜਾਬ, ਰਾਜਸਥਾਨ,ਹਰਿਆਣਾ, ਉੱਤਰ ਪ੍ਰਦੇਸ਼ ਅਤੇ ਗੰਗੀ ਪੱਛਮੀ ਬੰਗਾਲ ਦੇ ਹਿੱਸਿਆਂ 'ਚ ਹਲਕੀ ਬਾਰਿਸ਼ ਹੋ ਸਕਦੀ ਹੈ।

Posted By: Jagjit Singh