ਜੇਐੱਨਐੱਨ, ਜੈਪੁਰ : ਪੰਜਾਬ ’ਚ ਸੱਤਾ ਪਰਿਵਰਤਨ ਦਾ ਅਸਰ ਰਾਜਸਥਾਨ ’ਚ ਵੀ ਦਿਸਣ ਲੱਗਾ ਹੈ। ਇੱਥੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਐਤਵਾਰ ਸਵੇਰ ਤੋਂ ਹੀ ਮੰਤਰੀਆਂ ਤੇ ਵਿਧਾਇਕਾਂ ’ਚ ਮੁਲਾਕਾਤਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੇ ਧੜੇ ਸਰਗਰਮ ਹੋ ਗਏ ਹਨ। ਕੁਝ ਨੇਤਾ ਦਿੱਲੀ ਵੀ ਗਏ ਹਨ।

ਸਿਹਤ ਕਾਰਨਾਂ ਕਰਕੇ ਗਹਿਲੋਤ ਆਪਣੀ ਸਰਕਾਰੀ ਰਿਹਾਇਸ਼ ’ਚ ਹੀ ਵਿਸ਼ਰਾਮ ਕਰ ਰਹੇ ਹਨ, ਪਰ ਉਹ ਟੈਲੀਫੋਨ ਦੇ ਮਾਧਿਅਮ ਨਾਲ ਆਪਣੇ ਵਿਸ਼ਵਾਸ ਪਾਤਰਾਂ ਤੇ ਕੇਂਦਰੀ ਨੇਤਾਵਾਂ ਦੇ ਸੰਪਰਕ ਵਿਚ ਹਨ। ਇਸ ਵਿਚਾਲੇ ਉਨ੍ਹਾਂ ਟਵੀਟ ਕੀਤਾ, ਮੈਨੂੰ ਉਮੀਦ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਜਿਹਾ ਕੋਈ ਕਦਮ ਨਹੀਂ ਉਠਾਉਣਗੇ, ਜਿਸ ਨਾਲ ਪਾਰਟੀ ਨੂੰ ਨੁਕਸਾਨ ਹੋਵੇ। ਉਥੇ, ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਪਿਛਲੇ ਤਿੰਨ ਦਿਨਾਂ ਤੋਂ ਦਿੱਲੀ ਵਿਚ ਹਨ। ਉਨ੍ਹਾਂ ਦੀ ਪਾਰਟੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ, ਸੰਗਠਨ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਤੇ ਸੂਬਾ ਇੰਚਾਰਜ ਅਜੇ ਮਾਕਨ ਨਾਲ ਮੁਲਾਕਾਤ ਹੋਈ ਹੈ।

ਇਸ ਵਿਚਾਲੇ ਸ਼ਨਿਚਰਵਾਰ ਦੇਰ ਰਾਤ 12 ਵਜੇ ਮੁੱਖ ਮੰਤਰੀ ਦੇ ਓਐੱਸਡੀ ਲੋਕੇਸ਼ ਸ਼ਰਮਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦੁਪਹਿਰ ’ਚ ਇਕ ਟਵੀਟ ’ਚ ਲਿਖਿਆ ਸੀ, ‘ਮਜ਼ਬੂਤ ਨੂੰ ਮਜਬੂਰ ਅਤੇ ਮਾਮੂਲੀ ਨੂੰ ਮਗਰੂਰ ਕੀਤਾ ਜਾਵੇ, ਬਾੜ ਹੀ ਖੇਤ ਨੂੰ ਖਾਏ, ਉਸ ਫ਼ਸਲ ਨੂੰ ਕੌਣ ਬਚਾਏ।’ ਇਸ ਨੂੰ ਅਸਿੱਧੇ ਰੂਪ ਨਾਲ ਆਹਲਾ ਕਮਾਨ ’ਤੇ ਤਨਜ਼ ਮੰਨਿਆ ਗਿਆ। ਵਿਰੋਧੀਆਂ ਨੇ ਇਸ ਨੂੰ ਆਹਲਾ ਕਮਾਨ ਤਕ ਪਹੁੰਚਾਇਆ ਅਤੇ ਗਹਿਲੋਤ ਨਾਲ ਜੋੜਿਆ, ਦੱਸਿਆ ਜਾ ਰਿਹਾ ਹੈ ਕਿ ਕੁਝ ਹੀ ਦੇਰ ’ਚ ਸ਼ਰਮਾ ਨੇ ਸੀਐੱਮ ਨੂੰ ਅਸਤੀਫ਼ਾ ਭੇਜ ਦਿੱਤਾ, ਹਾਲਾਂਕਿ ਗਹਿਲੋਤ ਨੇ ਕੋਈ ਫ਼ੈਸਲਾ ਨਹੀਂ ਲਿਆ ਹੈ।

Posted By: Jagjit Singh