ਏਐੱਨਆਈ, ਨਵੀਂ ਦਿੱਲੀ - ਦੇਸ਼ ’ਚ ਕੋਰੋਨਾ ਵੈਕਸੀਨ ਦੌਰਾਨ ਕੇਂਦਰ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਇਸ ਮਹੀਨੇ ਸ਼ੁਰੂ ਹੋਣ ਵਾਲੇ ਪਲਸ ਪੋਲੀਓ ਟੀਕਾਕਰਨ ਅਭਿਆਨ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਦੱਸਿਆ ਕਿ ਅਚਾਨਕ ਗਤੀਵਿਧੀਆਂ ਕਰਕੇ 17 ਜਨਵਰੀ, 2021 ਤੋਂ ਸ਼ੁਰੂ ਹੋਣ ਵਾਲੇ ਪੋਲੀਓ ਰਾਸ਼ਟਰੀ ਟੀਕਾਕਰਨ ਦਿਵਸ ਨੂੰ ਅਗਲੇ ਨੋਟਿਸ ਤਕ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

ਜਾਣਕਾਰੀ ਅਨੁਸਾਰ 16 ਜਨਵਰੀ ਤੋਂ ਦੇਸ਼ ਭਰ ’ਚ ਕੋਰੋਨਾ ਵੈਕਸੀਨੇਸ਼ਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੀ ਗੰਭੀਰਤਾ ਨੂੰ ਦੇਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ। ਭਾਰਤ ’ਚ ਹਰ ਸਾਲ ਲੱਖਾਂ ਦੀ ਗਿਣਤੀ ’ਚ ਬੱਚਿਆਂ ਨੂੰ ਪੋਲੀਓ ਬੰੂਦਾਂ ਪਿਲਾਈਆਂ ਜਾਂਦੀਆਂ ਹਨ। ਕੋਰੋਨਾ ਵੈਕਸੀਨੇਸ਼ਨ ਕਰਕੇ ਇਸ ਨੂੰ ਕੁਝ ਸਮੇਂ ਲਈ ਟਾਲ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ 25 ਸਾਲਾਂ ਤੋਂ ਇਹ ਪਹਿਲਾ ਮੌਕਾ ਹੈ ਜਦੋਂ ਪੋਲੀਓ ਅਭਿਆਨ ਨੂੰ ਅੱਗੇ ਵਧਾਇਆ ਗਿਆ ਹੈ।

ਦੇਸ਼ ’ਚ ਵੱਡੇ ਪੱਧਰ ’ਤੇ ਸ਼ੁਰੂ ਹੋ ਰਹੇ ਟੀਕਾਕਰਨ ਅਭਿਆਨ ਤਹਿਤ ਸਭ ਤੋਂ ਪਹਿਲਾਂ ਫਰੰਟ ਲਾਈਨ ਵਰਕਰਜ਼ ਨੂੰ ਕੋਰੋਨਾ ਦਾ ਵੈਕਸੀਨ ਲੱਗੇਗਾ। ਇਸ ਤੋਂ ਬਾਅਦ ਸਫ਼ਾਈ ਕਰਮਚਾਰੀਆਂ, ਪੁਲਿਸ ਕਰਮੀਆਂ, ਸੁਰੱਖਿਆ ਕਰਮੀਆਂ, ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਕੋਰੋਨਾ ਦਾ ਟੀਕਾ ਲਾਇਆ ਜਾਵੇਗਾ। ਇਸ ਤੋਂ ਬਾਅਦ ਦੂਸਰੇ ਪੜਾਅ ’ਚ 50 ਸਾ ਤੋਂ ਜ਼ਿਆਦਾ ਉਮਰ ਵਾਲੇ ਲੋਕਾਂ ਤੇ ਫਿਰ ਜੋ ਲੋਕ ਲਾਗ ਲਈ ਜ਼ਿਆਦਾ ਸੰਵੇਦਨਸ਼ੀਲ ਹਨ, ਉਨ੍ਹਾਂ ਨੂੰ ਟੀਕਾ ਲੱਗੇਗਾ।

Posted By: Harjinder Sodhi