ਜੇਐੱਨਐੱਨ, ਨਵੀਂ ਦਿੱਲੀ : ਕਾਨਪੁਰ ਦੇ ਚੌਬੇਪੁਰ ਥਾਣਾ ਖੇਤਰ ਦੇ ਬਿਕਰੂ ਪਿੰਡ 'ਚ ਸੀਓ ਸਮੇਤ 8 ਪੁਲਿਸ ਮੁਲਾਜ਼ਮਾਂ ਦੀ ਹੱਤਿਆ ਤੋਂ ਬਾਅਦ ਫਰਾਰ ਮੁੱਖ ਦੋਸ਼ੀ ਵਿਕਾਸ ਦੂਬੇ ਦੇ ਸਾਥੀ ਅਮਰ ਦੂਬੇ ਨੂੰ ਹਮੀਰਪੁਰ 'ਚ ਮੁਕਾਬਲੇ 'ਚ ਮਾਰਿਆ ਗਿਆ। ਬੁੱਧਵਾਰ ਤੜਕੇ ਪੁਲਿਸ ਤੋਂ ਲੁੱਕ ਕੇ ਭੱਜ ਰਹੇ ਅਮਰ ਦੂਬੇ ਨੇ ਪੁਲਿਸ 'ਤੇ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਹਮੀਰਪੁਰ ਦੇ ਮੌਦਹਾ 'ਚ ਮਾਰ ਸੁੱਟਿਆ।

ਖੇਤਰਾਧਿਕਾਰੀ ਸਮੇਤ 8 ਪੁਲਿਸ ਮੁਲਾਜ਼ਮਾਂ ਦੀ ਹੱਤਿਆ 'ਚ ਨਾਮਜ਼ਦ ਅਮਰ ਦੂਬੇ ਨੂੰ ਐੱਸਟੀਐੱਫ ਨੇ ਬੁੱਧਵਾਰ ਨੂੰ ਹਮੀਰਪੁਰ 'ਚ ਮਾਰਿਆ। ਅਮਰ ਦੂਬੇ ਇਸ ਸਮੂਹਿਕ ਹੱਤਿਆਕਾਂਡ 'ਚ ਮੁੱਖ ਦੋਸ਼ੀ ਵਿਕਾਸ ਦੂਬੇ ਦਾ ਸਭ ਤੋਂ ਕਰੀਬੀ ਸੀ ਤੇ ਰਿਸ਼ਤੇ 'ਚ ਭਤੀਜਾ ਲੱਗਦਾ ਸੀ। ਪੁਲਿਸ ਮੁਤਾਬਿਕ ਅਮਰ ਦੂਬੇ 'ਤੇ ਚੌਬੇਪੁਰ ਥਾਣੇ 'ਚ 5 ਮੁੱਕਦਮੇ ਦਰਜ ਹਨ ਤੇ ਇਸ ਤੋਂ ਇਲਾਵਾ ਵੀ ਇਸ 'ਤੇ ਕਈ ਮੁਕੱਦਮੇ ਦਰਜ ਹੋਣ ਦੀ ਗੱਲ ਕਹੀ ਜਾ ਰਹੀ ਹੈ। ਘਟਨਾ ਵਾਲੇ ਦਿਨ ਹਮਲੇ 'ਚ ਸ਼ਾਮਲ ਸੀ। ਅਮਰ ਦੂਬੇ ਨੂੰ ਵਿਕਾਸ ਦਾ ਸ਼ਾਤਿਰ ਸ਼ੂਟਰ ਦੱਸਿਆ ਜਾਂਦਾ ਹੈ। ਅਮਰ ਘਟਨਾ ਵਾਲੇ ਦਿਨ ਹੀ ਪੁਲਿਸ ਮੁਕਾਬਲੇ 'ਚ ਮਾਰੇ ਗਏ ਅਤੁਲ ਦੂਬੇ ਦਾ ਭਤੀਜਾ ਹੈ। ਅਮਰ ਦੇ ਪਿਤਾ ਸੰਜੂ ਦੂਬੇ ਦੀ ਸੜਕ ਹਾਦਸੇ 'ਚ ਮੌਤ ਹੋ ਚੁੱਕੀ ਹੈ। 2 ਦਿਨ ਪਹਿਲਾਂ ਹੀ ਪੁਲਿਸ ਨੇ ਅਮਰ ਦੂਬੇ ਦੀ ਮਾਂ ਸ਼ਮਾ ਦੁਬੇ ਨੂੰ ਹਮਲਾਵਰਾਂ ਨੂੰ ਭਜਾਉਣ ਦੇ ਦੋਸ਼ 'ਚ ਜੇਲ੍ਹ ਭੇਜਿਆ ਸੀ।

ਦੱਸਿਆ ਜਾ ਰਿਹਾ ਹੈ ਕਿ 2 ਜੁਲਾਈ ਦੀ ਰਾਤ ਨੂੰ ਜਦੋਂ ਵਿਕਾਸ ਦੂਬੇ ਦੇ ਘਰ 'ਤੇ ਪੁਲਿਸ ਦਬਿਸ਼ ਦੇਣ ਗਈ ਸੀ ਤਾਂ ਅਮਰ ਦੂਬੇ ਵੀ ਉੱਥੇ ਮੌਜੂਦ ਸੀ। ਪੁਲਿਸ ਵਾਲਿਆਂ 'ਤੇ ਫਾਇਰਿੰਗ ਕਰਨ 'ਚ ਤੇ ਉਨ੍ਹਾਂ ਦੀ ਜਾਨ ਲੈਣ 'ਚ ਉਹ ਵੀ ਸ਼ਾਮਲ ਸੀ। ਘਟਨਾ ਤੋਂ ਬਾਅਦ ਅਮਰ ਵਿਕਾਸ ਨਾਲ ਹੀ ਭੱਜ ਨਿਕਲਿਆ ਸੀ। ਅਮਰ ਵਿਕਾਸ ਦੇ ਸਭ ਤੋਂ ਖ਼ਾਸ ਲੋਕਾਂ 'ਚੋਂ ਇਕ ਸੀ।

Posted By: Amita Verma