ਕੋਲਕਾਤਾ : ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਖ਼ਿਲਾਫ਼ ਕੋਲਕਾਤਾ ਪੁਲਿਸ ਨੇ ਵੀਰਵਾਰ ਨੂੰ ਅਲੀਪੁਰ ਕੋਰਟ ਵਿਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਸ਼ਮੀ 'ਤੇ ਭਾਰਤੀ ਦੰਡਾਵਲੀ ਦੀ ਧਾਰਾ 498-ਏ (ਦਾਜ ਲਈ ਤਸ਼ੱਦਦ) ਅਤੇ 354-ਏ (ਜਿਨਸੀ ਤਸ਼ੱਦਦ) ਤਹਿਤ ਦੋਸ਼ ਲਗਾਉਂਦੇ ਹੋਏ ਦੋਸ਼ ਪੱਤਰ ਦਾਖ਼ਲ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਪਿਛਲੇ ਸਾਲ ਉਨ੍ਹਾਂ 'ਤੇ ਜਿਨਸੀ ਸ਼ੋਸ਼ਣ, ਘਰੇਲੂ ਹਿੰਸਾ ਤੇ ਮੈਚ ਫਿਕਸਿੰਗ ਵਰਗੇ ਗੰਭੀਰ ਦੋਸ਼ ਲਗਾਏ ਸਨ। ਮੈਚ ਫਿਕਸਿੰਗ ਦਾ ਦੋਸ਼ ਲੱਗਣ ਤੋਂ ਬਾਅਦ ਬੀਸੀਸੀਆਈ ਨੇ ਉਨ੍ਹਾਂ ਦਾ ਸਾਲਾਨਾ ਕਰਾਰ ਵੀ ਰੋਕ ਦਿੱਤਾ ਸੀ, ਪਰ ਜਾਂਚ ਤੋਂ ਬਾਅਦ ਜਦੋਂ ਕੁਝ ਨਾ ਮਿਲਿਆ ਤਾਂ ਬੀਸੀਸੀਆਈ ਨੇ ਸ਼ਮੀ ਨੂੰ ਕਲੀਨ ਚਿੱਟ ਦਿੰਦੇ ਹੋਏ ਕਰਾਰ 'ਚ ਸ਼ਾਮਲ ਕਰ ਲਿਆ ਸੀ।

ਦੂਜੀਆਂ ਔਰਤਾਂ ਨਾਲ ਸਬੰਧਾਂ ਦਾ ਲਾਇਆ ਸੀ ਦੋਸ਼

6 ਮਾਰਚ, 2018 ਨੂੰ ਹਸੀਨ ਜਹਾਂ ਨੇ ਸ਼ਮੀ 'ਤੇ ਦੂਜੀਆਂ ਔਰਤਾਂ ਨਾਲ ਸਬੰਧ ਰੱਖਣ ਦਾ ਦੋਸ਼ ਲਾਇਆ ਸੀ। ਸਬੂਤ ਦੇ ਤੌਰ 'ਤੇ ਉਨ੍ਹਾਂ ਆਪਣੇ ਫੇਸਬੁੱਕ ਅਕਾਊਂਟ 'ਤੇ ਸ਼ਮੀ ਦੀਆਂ ਦੂਜੀਆਂ ਔਰਤਾਂ ਨਾਲ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ। ਇਸ ਤੋਂ ਇਲਾਵਾ ਹਸੀਨ ਨੇ ਸ਼ਮੀ ਦੇ ਦੂਜੀਆਂ ਲੜਕੀਆਂ ਨਾਲ ਚੈਟਿੰਗ ਦੇ ਸਕਰੀਨ ਸ਼ਾਟਸ ਵੀ ਸ਼ੇਅਰ ਕੀਤੇ। ਹਸੀਨ ਨੇ ਸ਼ਮੀ 'ਤੇ ਕੁੱਟਮਾਰ ਦਾ ਵੀ ਦੋਸ਼ ਲਗਾਇਆ ਸੀ। ਉਧਰ, ਹਸੀਨ ਵੱਲੋਂ ਲਗਾਏ ਗਏ ਦੋਸ਼ਾਂ ਦੇ ਅਗਲੇ ਦਿਨ 7 ਮਾਰਚ ਨੂੰ ਸ਼ਮੀ ਨੇ ਆਪਣੇ ਫੇਸਬੁੱਕ ਪੇਜ ਜ਼ਰੀਏ ਸਫ਼ਾਈ ਦਿੱਤੀ। ਸ਼ਮੀ ਨੇ ਦੋਸ਼ਾਂ ਨੂੰ ਖ਼ਾਰਜ ਕਰਦੇ ਹੋਏ ਉਨ੍ਹਾਂ ਨੂੰ ਆਪਣੇ ਅਤੇ ਪਰਿਵਾਰ ਖ਼ਿਲਾਫ਼ ਸਾਜ਼ਿਸ਼ ਦੱਸਿਆ।