ਜੇਐੱਨਐੱਨ, ਨਵੀਂ ਦਿੱਲੀ : ਸੰਸਦ 'ਚ ਗ਼ੈਰ ਮੌਜੂਦਗੀ ਬਾਰੇ ਭਾਜਪਾ ਸੰਸਦ ਮੈਂਬਰਾਂ ਤੋਂ ਕਈ ਵਾਰ ਆਪਣੀ ਨਾਰਾਜ਼ਗੀ ਪ੍ਰਗਟਾਅ ਚੁੱਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣ ਮੰਤਰੀਆਂ ਨੂੰ ਵੀ ਚੌਕਸ ਕਰ ਦਿੱਤਾ ਹੈ।

ਬੁੱਧਵਾਰ ਨੂੰ ਕੇਂਦਰੀ ਕੈਬਨਿਟ ਦੀ ਬੈਠਕ 'ਚ ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਲੋਕ ਸਭਾ 'ਚ ਜਦੋਂ ਉਨ੍ਹਾਂ ਦੇ ਨਾਂ 'ਤੇ ਸਵਾਲ ਕੀਤਾ ਸੀ ਤਾਂ ਉਦੋਂ ਵੀ ਸਦਨ ਤੋਂ ਵਧੇਰੇ ਮੰਤਰੀ ਗਾਇਬ ਸਨ। ਉਨ੍ਹਾਂ ਨੇ ਸਖ਼ਤ ਲਹਿਜ਼ੇ 'ਚ ਕਿਹਾ ਕਿ ਆਮ ਦਿਨਾਂ 'ਚ ਮੰਤਰੀਆਂ ਦੀ ਮੌਜਦੂਗੀ ਕਿੰਨੀ ਘੱਟ ਹੁੰਦੀ ਹੋਵੇਗੀ ਇਸ ਦਾ ਸਿਰਫ਼ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ।

ਅਸਲ 'ਚ ਬੁੱਧਵਾਰ ਨੂੰ ਲੋਕ ਸਭਾ 'ਚ ਕੁਝ ਸਵਾਲ ਪ੍ਰਧਾਨ ਮੰਤਰੀ ਤੋਂ ਪੁੱਛੇ ਗਏ ਸਨ। ਸਵਾਲਾਂ ਦਾ ਜਵਾਬ ਪ੍ਰਧਾਨ ਮੰਤਰੀ ਦਫ਼ਤਰ 'ਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਵੱਲੋਂ ਦਿੱਤਾ ਗਿਆ, ਆਮ ਤੌਰ 'ਤੇ ਇਹੀ ਪਰੰਪਰਾ ਵੀ ਰਹੀ ਹੈ। ਪਰ ਉਸ ਸਮੇਂ ਸਾਰੇ ਸਦਨ 'ਚ ਪ੍ਰਧਾਨ ਮੰਤਰੀ ਆਪ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਇਸੇ ਸੰਦਰਭ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਵੇਲੇ ਲੋਕ ਸਭਾ 'ਚ ਮੰਤਰੀਆਂ ਦੀ ਗਿਣਤੀ ਬਹੁਤ ਘੱਟ ਸੀ।

ਸੂਤਰ ਦੱਸਦੇ ਹਨ ਕਿ ਉਨ੍ਹਾਂ ਨੇ ਮੰਤਰੀਆਂ ਨੂੰ ਪੁੱਛਿਆ ਕਿ ਉਹ ਆਪਣੀਆਂ ਪਹਿਲਾਂ ਕਿਸ ਤਰ੍ਹਾਂ ਤੈਅ ਕਰਦੇ ਹਨ। ਕੀ ਸਦਨ ਦੀ ਕਾਰਵਾਈ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਣਾ ਚਾਹੀਦਾ? ਉਨ੍ਹਾਂ ਨੇ ਖ਼ਾਸ ਤੌਰ 'ਤੇ ਪ੍ਰਸ਼ਨਕਾਲ ਦੌਰਾਨ ਮੰਤਰੀਆਂ ਦੀ ਸੰਸਦ 'ਚ ਜ਼ਰੂਰੀ ਤੌਰ 'ਤੇ ਮੌਜੂਦ ਰਹਿਣ ਵੱਲ ਇਸ਼ਾਰਾ ਕੀਤਾ। ਉਨ੍ਹਾਂ ਦੀ ਇਸ ਹਦਾਇਤ ਦਾ ਤੱਤਕਾਲ ਅਸਰ ਵੀ ਦਿਖਾਈ ਦਿੱਤਾ ਤੇ ਵੀਰਵਾਰ ਨੂੰ ਸਦਨ 'ਚ ਮੰਤਰੀਆਂ ਦੀ ਕਾਫ਼ੀ ਵੱਡੀ ਗਿਣਤੀ ਮੌਜੂਦ ਸੀ।