ਨਵੀਂ ਦਿੱਲੀ (ਪੀਟੀਆਈ) : ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੀ ਬੈਠਕ ਵਿਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਸਵੇਰੇ ਪਾਕਿਸਤਾਨ ਦੇ ਰਸਤੇ ਕਿਰਗਿਸਤਾਨ ਨਹੀਂ ਜਾਣਗੇ। ਇਸ ਬੈਠਕ ਦਾ ਆਯੋਜਨ 13-14 ਜੂਨ ਨੂੰ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ 'ਚ ਹੋ ਰਿਹਾ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਬੁੱਧਵਾਰ ਨੂੰ ਕਿਹਾ ਕਿ ਵੀਵੀਆਈਪੀ ਜਹਾਜ਼ ਦੇ ਬਿਸ਼ਕੇਕ ਜਾਣ ਲਈ ਭਾਰਤ ਸਰਕਾਰ ਨੇ ਰਸਤੇ ਦੇ ਦੋ ਬਦਲਾਂ 'ਤੇ ਵਿਚਾਰ ਕੀਤਾ ਸੀ। ਹੁਣ ਫ਼ੈਸਲਾ ਕੀਤਾ ਗਿਆ ਹੈ ਕਿ ਵੀਵੀਆਈਪੀ ਜਹਾਜ਼ ਓਮਾਨ, ਈਰਾਨ ਅਤੇ ਮੱਧ ਏਸ਼ਿਆਈ ਦੇਸ਼ਾਂ ਦੇ ਰਸਤੇ ਬਿਸ਼ਕੇਕ ਲਈ ਉਡਾਣ ਭਰੇਗਾ। ਹਾਲਾਂਕਿ ਇਕ ਪਾਕਿਸਤਾਨੀ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਸੀ ਕਿ ਭਾਰਤੀ ਪ੍ਰਧਾਨ ਮੰਤਰੀ ਦੇ ਜਹਾਜ਼ ਨੂੰ ਆਪਣੇ ਹਵਾਈ ਖੇਤਰ ਤੋਂ ਉਡਾਣ ਭਰਨ ਦੀ ਇਜਾਜ਼ਤ ਦੇਣ ਲਈ ਇਮਰਾਨ ਖ਼ਾਨ ਸਰਕਾਰ ਸਿਧਾਂਤਕ ਰੂਪ ਨਾਲ ਤਿਆਰ ਹੋ ਗਈ ਹੈ। ਇਸ ਲਈ ਭਾਰਤ ਸਰਕਾਰ ਦੇ ਫ਼ੈਸਲੇ ਨੇ ਕਈ ਲੋਕਾਂ ਨੂੰ ਹੈਰਾਨ ਕੀਤਾ ਹੈ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ ਨੂੰ ਉਡਾਣ ਦੀ ਇਜਾਜ਼ਤ ਦੇਣ ਲਈ ਭਾਰਤ ਵੱਲੋਂ ਹੀ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਗਈ ਸੀ। 26 ਫਰਵਰੀ ਨੂੰ ਬਾਲਾਕੋਟ 'ਚ ਜੈਸ਼-ਏ-ਮੁਹੰਮਦ ਦੇ ਕੈਂਪਾਂ 'ਤੇ ਏਅਰ ਸਟ੍ਰਾਈਕ ਦੇ ਬਾਅਦ ਪਾਕਿਸਤਾਨ ਨੇ ਭਾਰਤ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ। ਹਾਲੇ ਵੀ ਉਸ ਨੇ 11 'ਚੋਂ ਸਿਰਫ਼ ਦੋ ਰਸਤੇ ਹੀ ਖੋਲ੍ਹੇ ਹਨ।

ਯਾਦ ਰਹੇ ਕਿ ਭਾਰਤ ਸਰਕਾਰ ਨੇ ਇਹ ਫ਼ੈਸਲਾ ਅਜਿਹੇ ਸਮੇਂ ਕੀਤਾ ਹੈ ਜਦੋਂ ਇਕ ਹਫ਼ਤੇ ਪਹਿਲਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਪਣੇ-ਆਪਣੇ ਭਾਰਤੀ ਹਮਰੁਤਬਿਆਂ ਨੂੰ ਅਲੱਗ-ਅਲੱਗ ਪੱਤਰ ਲਿਖਿਆ ਸੀ। ਇਨ੍ਹਾਂ 'ਚ ਉਨ੍ਹਾਂ ਨੇ ਦੋ-ਪੱਖੀ ਗੱਲਬਾਤ ਸ਼ੁਰੂ ਕਰਨ ਦੀ ਇੱਛਾ ਪ੍ਰਗਟਾਈ ਸੀ। 26 ਮਈ ਨੂੰ ਇਮਰਾਨ ਖ਼ਾਨ ਨੇ ਮੋਦੀ ਨੂੰ ਫੋਨ ਕਰ ਕੇ ਦੋਵਾਂ ਦੇਸ਼ਾਂ ਦੇ ਲੋਕਾਂ ਦੀ ਬਿਹਤਰੀ ਲਈ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਵੀ ਪ੍ਰਗਟਾਈ ਸੀ। ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਹੈ ਕਿ ਖੇਤਰ ਵਿਚ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਵਿਸ਼ਵਾਸ ਅਤੇ ਹਿੰਸਾ ਅਤੇ ਅੱਤਵਾਦ ਮੁਕਤ ਮਾਹੌਲ ਬਣਾਇਆ ਜਾਣਾ ਬਹੁਤ ਜ਼ਰੂਰੀ ਹੈ।

ਦੂਜੀ ਵਾਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਦੇ ਬਾਅਦ ਮੋਦੀ ਪਹਿਲੀ ਵਾਰੀ ਅੱਠ ਮੈਂਬਰੀ ਐੱਸਸੀਓ ਦੀ ਬੈਠਕ ਵਿਚ ਹਿੱਸਾ ਲੈ ਰਹੇ ਹਨ ਜਦਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਪਹਿਲੀ ਵਾਰੀ ਇਸ ਬੈਠਕ ਵਿਚ ਸ਼ਿਰਕਤ ਕਰਨਗੇ। ਹਾਲਾਂਕਿ ਬੈਠਕ ਤੋਂ ਹੱਟ ਕੇ ਦੋਵਾਂ ਨੇਤਾਵਾਂ 'ਚ ਕੋਈ ਦੋ-ਪੱਖੀ ਗੱਲਬਾਤ ਨਹੀਂ ਹੋਵੇਗੀ ਜਦਕਿ ਪ੍ਰਧਾਨ ਮੰਤਰੀ ਮੋਦੀ ਦੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਮੇਤ ਹੋਰ ਨੇਤਾਵਾਂ ਨਾਲ ਦੋ-ਪੱਖੀ ਬੈਠਕ ਦੀ ਤਜਵੀਜ਼ ਹੈ।

ਚੀਨੀ ਰਾਸ਼ਟਰਪਤੀ ਬਿਸ਼ਕੇਕ ਰਵਾਨਾ

ਐੱਸਸੀਓ ਦੀ 19ਵੀਂ ਬੈਠਕ 'ਚ ਹਿੱਸਾ ਲੈਣ ਲਈ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬੁੱਧਵਾਰ ਨੂੰ ਕਿਰਗਿਸਤਾਨ ਰਵਾਨਾ ਹੋ ਗਏ। ਚੀਨ ਸੰਕੇਤ ਦੇ ਚੁੱਕਾ ਹੈ ਕਿ ਰਾਸ਼ਟਰਪਤੀ ਜਿਨਪਿੰਗ ਬੈਠਕ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਸੁਰੱਖਿਆਵਾਦੀ ਅਤੇ ਇਕ ਪੱਖੀ ਵਪਾਰ ਨੀਤੀਆਂ ਖ਼ਿਲਾਫ਼ ਯੂਨਾਈਟਿਡ ਫਰੰਟ ਬਣਾਉਣ ਦੀ ਲੋੜ ਨੂੰ ਰੇਖਾਂਕਿਤ ਕਰਨਗੇ। ਇਸ ਦੇ ਇਲਾਵਾ ਆਰਥਿਕ ਅਤੇ ਸੁਰੱਖਿਆ (ਖ਼ਾਸ ਤੌਰ 'ਤੇ ਅੱਤਵਾਦ ਦੇ ਸਬੰਧ 'ਚ) ਸਹਿਯੋਗ ਵੀ ਏਜੰਡੇ ਵਿਚ ਹੈ।