ਜੇਐੱਨਐੱਨ, ਨਵੀਂ ਦਿੱਲੀ : ਸਿਆਸੀ ਮੁੱਦਿਆਂ ਦੀ ਗਹਿਮਾ ਗਹਿਮੀ ਦੌਰਾਨ ਸੰਸਦ ਦੇ ਬਜਟ ਇਜਲਾਸ ਦੇ ਸੁਚਾਰੂ ਸੰਚਾਲਨ ਲਈ ਸਰਕਾਰ ਨੇ 30 ਜਨਵਰੀ ਨੂੰ ਸਰਬ ਪਾਰਟੀ ਬੈਠਕ ਬੁਲਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪ ਸਰਬ ਪਾਰਟੀ ਬੈਠਕ ਦੀ ਪ੍ਰਧਾਨਗੀ ਕਰਨਗੇ ਤੇ ਇਸ 'ਚ ਬਜਟ ਇਜਲਾਸ ਦੇ ਕੰਮ ਕਾਜ ਦੇ ਏਜੰਡੇ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।

ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਹਮਲਾਵਰ ਅੰਦੋਲਨ ਦੇ ਨਾਲ-ਨਾਲ ਪੂਰਬੀ ਲੱਦਾਖ 'ਚ ਚੀਨੀ ਘੁਸਪੈਠ ਤੋਂ ਲੈ ਕੇ ਬਾਲਾਕੋਟ ਏਅਰ ਸਟ੍ਰਾਈਕ ਦੀ ਪੂਰਬ ਸੂਚਨਾ ਟੀਵੀ ਪੱਤਰਕਾਰ ਅਰਨਬ ਗੋਸਵਾਮੀ ਨੂੰ ਲੀਕ ਕਰਨ ਵਰਗੇ ਤਾਜ਼ਾ ਮੁੱਦਿਆਂ 'ਤੇ ਵਿਰੋਧੀ ਧਿਰ ਸੰਸਦ 'ਚ ਸਰਕਾਰ ਨੂੰ ਘੇਰਨ ਦੀ ਪੁਖਤਾ ਤਿਆਰੀ ਕਰ ਰਹੀ ਹੈ। ਉੱਥੇ ਹੀ ਬਜਟ ਇਜਲਾਸ ਦੇ ਪਹਿਲੇ ਗੇੜ ਦੇ 12 ਕਾਰਜ ਦਿਵਸਾਂ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤਾ, ਆਮ ਬਜਟ ਦੇ ਨਾਲ ਪਹਿਲੀ ਤਿਮਾਹੀ ਦੇ ਲੇਖਾਨੁਦਾਨ ਤੋਂ ਲੈ ਕੇ ਕੁਝ ਅਹਿਮ ਵਿਧਾਈ ਕੰਮਕਾਜ ਸਰਕਾਰ ਦੀ ਜ਼ਰੂਰਤ ਹਨ। ਇਸ ਲਈ ਸਦਨ ਦੀਆਂ ਬੈਠਕਾਂ ਨੂੰ ਹੰਗਾਮੇ ਕਾਰਨ ਚਲਾਇਆ ਜਾਣਾ ਅਹਿਮ ਹੈ। ਇਸ ਦੇ ਮੱਦੇਨਜ਼ਰ ਦੀ ਪ੍ਰਧਾਨ ਮੰਤਰੀ ਵਿਰੋਧੀ ਪਾਰਟੀਆਂ ਨਾਲ ਕੰਮ ਕਾਜ ਬਾਰੇ ਸਹਿਮਤੀ ਬਣਾਉਣ ਦਾ ਯਤਨ ਕਰਨਗੇ। ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਦੱਸਿਆ ਕਿ ਕੋਵਿਡ ਦੀਆਂ ਚੁਣੌਤੀਆਂ ਨੂੰ ਦੇਖਦਿਆਂ ਸਰਬ ਪਾਰਟੀ ਬੈਠਕ ਵਰਚੁਅਲ ਹੋਵੇਗੀ ਤੇ ਇਸ ਲਈ ਦੋਵਾਂ ਸਦਨਾਂ 'ਚ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਸੱਦਾ ਭੇਜ ਦਿੱਤਾ ਗਿਆ ਹੈ। ਹਾਲਾਂਕਿ ਇਸ ਵਾਰ ਸਰਬ ਪਾਰਟੀ ਬੈਠਕ ਬਜਟ ਇਜਲਾਸ ਦੇ ਸ਼ੁਰੂਆਤ ਦੇ ਇਕ ਦਿਨ ਬਾਅਦ ਬੁਲਾਈ ਗਈ ਹੈ। 29 ਜਨਵਰੀ ਨੂੰ ਰਾਸ਼ਟਰਪਤੀ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਤੋਂ ਇਜਲਾਸ ਦੀ ਸ਼ੁਰੂਆਤ ਹੋਵੇਗੀ ਤੇ ਇਕ ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਮ ਬਜਟ ਪੇਸ਼ ਕਰੇਗੀ। ਜਦਕਿ ਵਿਰੋਧੀ ਧਿਰ ਉਪਰੋਕਤ ਮੁੱਦਿਆਂ ਤੋਂ ਇਲਾਵਾ ਸੰਸਦ ਦਾ ਸਰਦ ਰੁੱਤ ਇਜਲਾਸ ਨਾ ਬੁਲਾਏ ਜਾਣ ਬਾਰੇ ਵੀ ਸਰਕਾਰ ਦੀ ਘੇਰਾਬੰਦੀ ਕਰਨ ਦੀ ਤਿਆਰੀ ਕਰ ਰਿਹਾ ਹੈ।

ਅਰਥਵਿਵਸਥਾ ਦੀ ਕਮਜ਼ੋਰੀ ਤੇ ਮਹਿੰਗਾਈ ਵਿਸ਼ੇਸ਼ ਤੌਰ 'ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਰਿਕਾਰਡ ਵਾਧੇ 'ਤੇ ਵੀ ਵਿਰੋਧੀ ਧਿਰ ਹਮਲਾਵਰ ਰਹੇਗਾ। ਮੁੱਦਿਆਂ ਦੀ ਇਸ ਫਹਿਰਿਸਤ ਨੂੰ ਦੇਖਦਿਆਂ ਸਦਨ ਚਲਾਉਣ ਲਈ ਸੱਤਾ ਪੱਖ ਤੇ ਵਿਰੋਧੀ ਧਿਰ ਦੋਵਾਂ ਵਿਚਕਾਰ ਇਕ ਘੱਟੋ-ਘੱਟ ਸਹਿਮਤੀ ਜ਼ਰੂਰੀ ਹੈ।