ਨਵੀਂ ਦਿੱਲੀ (ਪੀਟੀਆਈ) : ਅਫ਼ਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉਥੇ ਭਾਰਤੀ ਨਿਵੇਸ਼ ਨੂੰ ਲੈ ਕੇ ਵੱਡੇ ਪੱਧਰ 'ਤੇ ਚਿੰਤਾ ਪ੍ਰਗਟਾਈ ਜਾ ਰਹੀ ਹੈ। ਅਜਿਹੇ ਵਿਚ ਕੇਂਦਰੀ ਸੜਕੀ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਐਤਵਾਰ ਨੂੰ ਕਿਹਾ ਕਿ ਇਸ ਜੰਗ ਪੀੜਤ ਦੇਸ਼ ਦੇ ਬੁਨਿਆਦੀ ਢਾਂਚੇ ਵਿਚ ਅੱਗੇ ਨਿਵੇਸ਼ ਜਾਰੀ ਰੱਖਣ ਦੇ ਬਾਰੇ ਵਿਚ ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਉਥੋਂ ਦੇ ਮੌਜੂਦਾ ਹਾਲਾਤ 'ਤੇ ਵਿਚਾਰ ਵਟਾਂਦਰੇ ਤੋਂ ਬਾਅਦ ਕਰਨਗੇ।

ਗਡਕਰੀ ਨੇ ਕਿਹਾ ਕਿ ਅਫ਼ਗਾਨਿਸਤਾਨ ਵਿਚ ਭਾਰਤ ਨੇ ਕਈ ਬੁਨਿਆਦੀ ਢਾਂਚਾਗਤ ਪ੍ਰਰਾਜੈਕਟ ਪੂਰੇ ਕੀਤੇ ਹਨ। ਕੁਝ ਪ੍ਰਰਾਜੈਕਟ ਹਾਲੇ ਲੰਬਿਤ ਹਨ। ਉਨ੍ਹਾਂ ਕਿਹਾ ਕਿ ਅਸੀਂ ਉਥੇ ਬੰਨ੍ਹ (ਸਲਮਾ ਬੰਨ੍ਹ) ਬਣਾਇਆ ਹੈ। ਅਸੀਂ ਅਫ਼ਗਾਨਿਸਤਾਨ ਵਿਚ ਜਲ ਵਸੀਲਿਆਂ ਵਰਗੇ ਖੇਤਰਾਂ ਵਿਚ ਕੰਮ ਕੀਤਾ ਹੈ।

ਕੇਂਦਰੀ ਮੰਤਰੀ ਗਡਕਰੀ ਨੇ ਇਕ ਇੰਟਰਵਿਊ 'ਚ ਕਿਹਾ, 'ਇਕ ਮਿੱਤਰ ਦੇਸ਼ ਦੇ ਨਾਤੇ ਸਾਡੀ ਅਫ਼ਗਾਨਿਸਤਾਨ ਸਰਕਾਰ ਦੇ ਅਧਿਕਾਰੀਆਂ ਨਾਲ ਕੁਝ ਸੜਕਾਂ ਦੇ ਨਿਰਮਾਣ ਲਈ ਗੱਲਬਾਤ ਹੋਈ ਸੀ। ਚੰਗੀ ਗੱਲ ਇਹ ਹੈ ਕਿ ਮੈਂ ਉਥੇ ਸੜਕਾਂ ਦਾ ਨਿਰਮਾਣ ਸ਼ੁਰੂ ਨਹੀਂ ਕੀਤਾ। ਉਥੋਂ ਦੀ ਸਥਿਤੀ ਚਿੰਤਾ ਦੀ ਗੱਲ ਹੈ। ਦੱਸਣਯੋਗ ਹੈ ਕਿ ਭਾਰਤ ਨੇ ਅਫ਼ਗਾਨਿਸਤਾਨ ਵਿਚ ਵੱਖ-ਵੱਖ ਬੁਨਿਆਦੀ ਢਾਂਚਾਗਤ ਅਤੇ ਸਮਾਜਿਕ ਖੇਤਰ ਦੇ ਪ੍ਰਰਾਜੈਕਟਾਂ ਵਿਚ ਕਰੀਬ ਤਿੰਨ ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ।