ਵਾਇਨਾਡ, ਏਜੰਸੀਆਂ : ਹੈਦਰਾਬਾਦ ਦੀ ਧੀ ਨਾਲ ਦਰਿੰਦਗੀ ਨਾਲ ਦੇਸ਼ 'ਚ ਗੁੱਸਾ ਹਾਲੇ ਠੰਢਾ ਵੀ ਨਹੀਂ ਪਿਆ ਸੀ ਕਿ ਦਰਿੰਦਗੀ ਦੀ ਸ਼ਿਕਾਰ ਹੋਈ ਉਨਾਵ ਦੀ ਧੀ ਦੀ ਮੌਤ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਤਾਂ ਦੇਸ਼ 'ਚ ਔਰਤਾਂ ਖ਼ਿਲਾਫ਼ ਵਧਦੀ ਹਿੰਸਾ ਲਈ ਸਿੱਧਾ-ਸਿੱਧਾ ਪ੍ਰਧਾਨ ਮੰਤਰੀ ਮੋਦੀ ਨੂੰ ਜ਼ਿੰਮੇਵਾਰ ਠਹਿਰਾ ਦਿੱਤਾ ਹੈ। ਆਪਣੇ ਸੰਸਦੀ ਖੇਤਰ 'ਚ ਇਕ ਰੈਲੀ 'ਚ ਰਾਹੁਲ ਨੇ ਕਿਹਾ ਕਿ ਅੱਜ ਦੇਸ਼ 'ਚ ਔਰਤਾਂ, ਘੱਟ-ਗਿਣਤੀਆਂ, ਆਦਿਵਾਸੀਆਂ ਖਿਲਾਫ਼ ਹਿੰਸਾ ਤੇ ਅੱਤਿਆਚਾਰ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਤੇ ਇਸ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਦੇਸ਼ 'ਚ ਜਿਹੜਾ ਵਿਅਕਤੀ ਸੱਤਾ 'ਚ ਹੈ, ਉਹ ਹਿੰਸਾ ਤੇ ਨਿਰੰਕੁਸ਼ ਸ਼ਾਸਨ 'ਚ ਭਰੋਸਾ ਕਰਦਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਤੁਸੀਂ ਦੇਖ ਰਹੇ ਹੋ ਕਿ ਪੂਰੇ ਦੇਸ਼ 'ਚ ਹਿੰਸਾ ਵੱਧ ਗਈ ਹੈ ਤੇ ਕਾਨੂੰਨ ਦਾ ਰਾਜ ਨਹੀਂ ਰਿਹਾ। ਔਰਤਾਂ ਨਾਲ ਜਬਰ-ਜਨਾਹ, ਸ਼ੋਸ਼ਣ ਤੇ ਛੇੜਖਾਨੀ ਦੀਆਂ ਖਬਰਾਂ ਰੋਜ਼ ਪੜ੍ਹਨ ਨੂੰ ਮਿਲ ਰਹੀਆਂ ਹਨ।

ਘੱਟ-ਗਿਣਤੀਆਂ ਖਿਲਾਫ਼ ਹਿੰਸਾ ਵਧ ਰਹੀ ਹੈ ਤੇ ਉਨ੍ਹਾਂ ਖ਼ਿਲਾਫ਼ ਨਫਰਤ ਫੈਲਾਈ ਜਾ ਰਹੀ ਹੈ। ਅਨੁਸੂਚਿਤ ਜਾਤੀ ਦੇ ਲੋਕਾਂ ਖਿਲਾਫ਼ ਹਿੰਸਾ ਤੇ ਮਾਰਕੁੱਟ ਦੀਆਂ ਖਬਰਾਂ ਆ ਰਹੀਆਂ ਹਨ। ਆਦਿਵਾਸੀਆਂ 'ਤੇ ਅੱਤਿਆਚਾਰ ਵਧ ਰਿਹਾ ਹੈ, ਉਨ੍ਹਾਂ ਦੀ ਜ਼ਮੀਨ ਖੋਹੀ ਜਾ ਰਹੀ ਹੈ। ਇਸ ਸਭ ਲਈ ਸੱਤਾ 'ਚ ਸਿਖਰ 'ਤੇ ਬੈਠਾ ਵਿਅਕਤੀ ਜ਼ਿੰਮੇਵਾਰ ਹੈ। ਜੇ ਤੁਸੀਂ ਹਿੰਸਾ ਤੇ ਨਫਰਤ 'ਚ ਭਰੋਸਾ ਨਹੀਂ ਕਰਦੇ ਤਾਂ ਉਮੀਦ ਕਰ ਸਕਦੇ ਹੋ ਕਿ ਦੇਸ਼ 'ਚ ਹਿੰਸਾ ਤੇ ਨਫਰਤ ਨਹੀਂ ਫੈਲੇਗੀ।

ਉਨ੍ਹਾਂ ਕਿਹਾ ਕਿ ਇਹ ਦੁਨੀਆ ਕਦੇ ਨਵੀਂ ਦਿਸ਼ਾ, ਮਹਾਤਮਾ ਗਾਂਧੀ, ਅਹਿੰਸਾ, ਪਿਆਰ ਤੇ ਆਪਣੇਪਨ ਲਈ ਭਾਰਤ ਵੱਲ ਉਮੀਦ ਭਰੀਆਂ ਨਜ਼ਰਾਂ ਨਾਲ ਦੇਖਦੀ ਸੀ। ਅੱਜ ਦੁਨੀਆ ਕਹਿ ਰਹੀ ਹੈ ਕਿ ਸਾਨੂੰ ਆਪਣੀਆਂ ਔਰਤਾਂ ਨਾਲ ਸਲੂਕ ਕਰਨਾ ਨਹੀਂ ਆਉਂਦਾ, ਅਸੀਂ ਆਪਣੀਆਂ ਔਰਤਾਂ ਤੇ ਬੱਚੀਆਂ ਦੀ ਰੱਖਿਆ ਨਹੀਂ ਕਰ ਸਕਦੇ। ਸਾਡੇ 'ਤੇ ਸਵਾਲ ਉਠਾਏ ਜਾ ਰਹੇ ਹਨ। ਇਸ ਤਰ੍ਹਾਂ ਹੋਵੇ ਵੀ ਕਿਉਂ ਨਾ, ਉੱਤਰ ਪ੍ਰਦੇਸ਼ 'ਚ ਜਦੋਂ ਭਾਜਪਾ ਦੇ ਵਿਧਾਇਕ ਜਬਰ-ਜਨਾਹ ਦੇ ਮਾਮਲੇ 'ਚ ਮੁਲਜ਼ਮ ਹੁੰਦਾ ਹੈ ਤਾਂ ਪ੍ਰਧਾਨ ਮੰਤਰੀ ਉਸ 'ਤੇ ਇਕ ਲਫਜ਼ ਨਹੀਂ ਬੋਲਦੇ। ਅੱਜ ਹਾਲਾਤ ਅਜਿਹੇ ਹੋ ਗਏ ਹਨ ਕਿ ਦੁਨੀਆ 'ਚ ਭਾਰਤ ਦੀ ਪਛਾਣ ਜਬਰ ਜਨਾਹ ਦੀ ਰਾਜਧਾਨੀ ਵਜੋਂ ਹੋਣ ਲੱਗੀ ਹੈ।

ਇਸ ਤੋਂ ਪਹਿਲਾਂ 'ਬੇਟੀ ਨੂੰ ਇਨਸਾਫ਼ ਦਿਓ' ਹੈਸ਼ਟੈਗ ਰਾਹੀਂ ਟਵੀਟ ਕਰ ਕੇ ਰਾਹੁਲ ਨੇ ਉਨਾਵ ਦੀ ਜਬਰ ਜਨਾਹ ਪੀੜਤਾ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਉਹ ਹੈਰਾਨ ਤੇ ਦੁਖੀ ਹਨ। ਪੀੜਤ ਪਰਿਵਾਰ ਪ੍ਰਤੀ ਉਨ੍ਹਾਂ ਨੂੰ ਪੂਰੀ ਹਮਦਰਦੀ ਹੈ।