ਨਵੀਂ ਦਿੱਲੀ, ਜੇਐੱਨਐੱਨ : ਦੇਸ਼ ਦੀ ਲੋਕਤੰਤਰਿਕ ਸ਼ਾਸਨ ਵਿਵਸਥਾ ਦੇ ਪ੍ਰਤੀਕ ਲਾਲ ਕਿਲ੍ਹੇ 'ਤੇ ਪ੍ਰਧਾਨ ਮੰਤਰੀ ਮੋਦੀ 15 ਅਗਸਤ 2020 ਨੂੰ ਜਦੋਂ ਤਿਰੰਗਾ ਲਹਿਰਾਉਣਗੇ ਤਾਂ ਰਾਜਨੀਤਕ ਇਤਿਹਾਸ ਦਾ ਇਕ ਦਿਲਚਸਪ ਰਿਕਾਰਡ ਵੀ ਬਣਾਉਣਗੇ। ਮੋਦੀ ਲਗਾਤਾਰ 7ਵੀਂ ਵਾਰ ਤਿਰੰਗਾ ਲਹਿਰਾਉਣਗੇ ਤੇ ਇਸ ਨਾਲ ਸਭ ਤੋਂ ਵੱਧ ਇਹ ਖ਼ੁਸ਼ਕਿਸਮਤ ਹਾਸਿਲ ਕਰਨ ਵਾਲੇ ਪ੍ਰਧਾਨ ਮੰਤਰੀਆਂ ਦੀ ਸੂਚੀ 'ਚ ਚੌਥੇ ਨੰਬਰ 'ਤੇ ਪਹੁੰਚ ਜਾਣਗੇ। ਲਾਲ ਕਿਲ੍ਹੇ 'ਚ ਸਭ ਤੋਂ ਵੱਧ ਵਾਰ ਤਿਰੰਗਾ ਲਹਿਰਾਉਣ ਦਾ ਰਿਕਾਰਡ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਨਾਂ ਹੈ। ਇੰਦਰਾ ਗਾਂਧੀ ਇਸ ਉਪਲਬਧੀ 'ਚ ਦੂਜੇ ਨੰਬਰ 'ਤੇ ਹੈ ਅਤੇ ਤੀਜੇ ਨੰਬਰ 'ਤੇ ਮਨਮੋਹਨ ਸਿੰਘ ਹਨ।

ਆਜ਼ਾਦੀ ਤੋਂ ਬਾਅਦ ਹੁਣ ਤਕ ਆਜ਼ਾਦੀ ਦਿਵਸ ਦੇ ਮੌਕੇ 'ਤੇ ਤਿਰੰਗਾ ਲਹਿਰਾਉਣ ਵਾਲੇ ਪ੍ਰਧਾਨ ਮੰਤਰੀਆਂ ਦੀ ਦਿਲਚਸਪ ਦਾਸਤਾਨ 'ਚ ਪੀਐੱਮ ਬਣੇ ਤਮਾਮ ਆਗੂਆਂ ਨੂੰ ਘੱਟ ਜਾਂ ਵੱਧ ਇਹ ਖ਼ੁਸ਼ਕਿਸਮਤੀ ਪ੍ਰਾਪਤ ਹੁੰਦੀ ਹੈ ਪਰ ਚੰਦਰਸ਼ੇਖਰ ਤੇ ਗੁਲਜ਼ਾਰੀ ਲਾਲ ਨੰਦਾ ਦੋ ਅਜਿਹੇ ਪ੍ਰਧਾਨ ਮੰਤਰੀ ਵੀ ਹੋਏ ਜਿਨ੍ਹਾਂ ਨੇ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾਉਣ ਦਾ ਮੌਕਾ ਹੀ ਨਹੀਂ ਮਿਲ ਸਕਿਆ। ਨਰਿੰਦਰ ਮੋਦੀ 15 ਅਗਸਤ ਨੂੰ ਜਦੋਂ 7ਵੀਂ ਵਾਰ ਤਿਰੰਗਾ ਲਹਿਰਾਉਣਗੇ ਤਾਂ ਉਹ ਅਟਲ ਬਿਹਾਰੀ ਵਾਜਪੇਈ ਦੇ ਪ੍ਰਧਾਨ ਮੰਤਰੀ ਦੇ ਰੂਪ 'ਚ ਛੇ ਵਾਰ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾਉਣ ਦੇ ਰਿਕਾਰਡ ਨੂੰ ਪਿੱਛੇ ਛੱਡ ਦੇਣਗੇ।

ਮਈ 2014 'ਚ ਸੱਤਾ ਸੰਭਾਲਣ ਵਾਲੇ ਮੋਦੀ ਜਦੋਂ 2024 'ਚ ਆਪਣਾ ਦੂਜਾ ਕਾਰਜਕਾਲ ਪੂਰਾ ਕਰਨ ਤਕ 10 ਵਾਰ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾਉਣ ਦੀ ਖ਼ੁਸ਼ਕਿਸਮਤੀ ਹਾਸਿਲ ਕਰ ਕੇ ਮਨਮੋਹਨ ਸਿੰਘ ਦੇ ਨਾਲ ਸੰਯੁਕਤ ਰੂਪ ਨਾਲ ਤੀਜੇ ਨੰਬਰ 'ਤੇ ਆ ਜਾਣਗੇ। 15 ਅਗਸਤ 1947 ਨੂੰ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾਉਂਦੇ ਹੋਏ ਭਾਰਤ ਦੀ ਆਜ਼ਾਦੀ ਦਾ ਜੈਕਾਰਾ ਕਰਨ ਵਾਲੇ ਪੰਡਿਤ ਨਹਿਰੂ ਨੇ 17 ਵਾਰ ਲਗਾਤਾਰ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾਇਆ। ਪੰਡਿਤ ਨਹਿਰੂ ਦੇ ਦੇਹਾਂਤ ਤੋਂ ਬਾਅਦ ਗੁਲਜ਼ਾਰੀ ਲਾਲ ਨੰਦਾ ਸਿਰਫ਼ 14 ਦਿਨ ਪ੍ਰਧਾਨ ਮੰਤਰੀ ਰਹੇ ਤੇ ਉਨ੍ਹਾਂ ਸਾਹਮਣੇ ਅਜਿਹਾ ਮੌਕਾ ਹੀ ਨਹੀਂ ਆਇਆ।

1996 ਦੀਆਂ ਚੋਣਾਂ ਤੋਂ ਬਾਅਦ ਅਟਲ ਬਿਹਾਰੀ ਵਾਜਪੇਈ 13 ਦਿਨ ਲਈ ਪੀਐੱਮ ਜ਼ਰੂਰ ਬਣੇ ਪਰ ਤਿਰੰਗਾ ਲਹਿਰਾਉਣ ਦਾ ਮੌਕਾ ਪਹਿਲੀ ਬਾਰ ਮਾਰਚ 1998 'ਚ ਹੋਈਆਂ ਚੋਣਾਂ ਤੋਂ ਬਾਅਦ 13 ਮਹੀਨੇ ਦੀ ਸਰਕਾਰ ਦੌਰਾਨ ਮਿਲਿਆ। ਇਸ ਤੋਂ ਬਾਅਦ 1999 ਦੀਆਂ ਚੋਣਾਂ 'ਚ ਵੀ ਉਨ੍ਹਾਂ ਦੀ ਵਾਪਸੀ ਹੋਈ। ਇਸ ਤਰ੍ਹਾਂ ਮਾਰਚ 1998 ਤੋਂ ਮਈ 2004 'ਚ ਵਾਜਪੇਈ ਨੇ ਲਗਾਤਾਰ ਛੇਵੀਂ ਵਾਰ ਤਿਰੰਗਾ ਲਹਿਰਾਇਆ ਤੇ ਸਭ ਤੋਂ ਜ਼ਿਆਦਾ ਤਿਰੰਗਾ ਲਹਿਰਾਉਣ ਵਾਲੇ ਪ੍ਰਧਾਨ ਮੰਤਰੀਆਂ 'ਚੋਂ ਉਹ ਪੰਜਵੇਂ ਨੰਬਰ 'ਤੇ ਹਨ। ਇਸ ਤੋਂ ਪਹਿਲਾਂ ਜੂਨ 1996 ਤੋਂ ਮਾਰਚ 1998 ਦੌਰਾਨ ਰਹੇ ਦੋ ਪ੍ਰਧਾਨ ਮੰਤਰੀ ਐੱਚਡੀ ਦੇਵੇਗੌੜਾ ਤੇ ਇੰਦਰ ਕੁਮਾਰ ਗੁਜ਼ਰਾਲ ਨੂੰ ਵੀ ਇਕ-ਇਕ ਵਾਰ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾਉਣ ਦੀ ਖ਼ੁਸ਼ਕਿਸਮਤੀ ਪ੍ਰਾਪਤ ਹੋਈ।

Posted By: Rajnish Kaur