ਨਵੀਂ ਦਿੱਲੀ, ਜੇਐੱਨਐੱਨ। ਮਹਾਰਾਸ਼ਟਰ 'ਚ ਰਾਸ਼ਟਰਪਤੀ ਸ਼ਾਸਨ ਲੱਗ ਗਿਆ ਹੈ। ਰਾਜਪਾਲ ਤੇ ਕੇਂਦਰੀ ਕੈਬਨਿਟ ਦੀ ਸਿਫ਼ਾਰਿਸ਼ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇਸ ਦੀ ਮਨਜ਼ੂਰੀ ਦੇ ਦਿੱਤੀ ਹੈ। ਥੋੜ੍ਹੀ ਦੇਰ ਬਾਅਦ ਇਸ ਦੀ ਰਸਮੀ ਜਾਣਕਾਰੀ ਦੇ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸ਼ਿਵ ਸੈਨਾ ਵੱਲੋਂ ਬਹੁਮਤ ਸਾਬਤ ਨਾ ਕਰ ਸਕਣ ਤੋਂ ਬਾਅਦ ਹੁਣ ਗੇਂਦ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਪਾਲ਼ੇ 'ਚ ਆ ਗਈ ਸੀ। ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਸੋਮਵਾਰ ਰਾਤ ਨੂੰ ਐੱਨਸੀਪੀ ਨੂੰ ਸੂਬਾ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਸੀ। ਐੱਨਸੀਪੀ ਨੂੰ ਮੰਗਲਵਾਰ ਨੂੰ ਬਹੁਮਤ ਸਾਬਤ ਕਰਨਾ ਸੀ ਪਰ ਇਸ ਤੋਂ ਪਹਿਲਾਂ ਹੀ ਰਾਸ਼ਟਰਪਤੀ ਸ਼ਾਸਨ ਲਗਾ ਦਿੱਤਾ ਗਿਆ।

ਇਸ ਤੋਂ ਪਹਿਲਾਂ ਮਹਾਰਾਸ਼ਟਰ 'ਚ ਰਾਸ਼ਟਰਪਤੀ ਸ਼ਾਸਨ ਲਗਾਏ ਜਾਣ ਦੀ ਸਿਫ਼ਾਰਿਸ਼ 'ਤੇ ਕੇਂਦਰੀ ਕੈਬਨਿਟ ਦੀ ਬੈਠਕ ਬੁਲਾਈ ਗਈ ਸੀ। ਅਨੁਮਾਨ ਲਾਇਆ ਜਾ ਰਿਹਾ ਸੀ ਕਿ ਇਸ ਬੈਠਕ 'ਚ ਮਹਾਰਾਸ਼ਟਰ ਰਾਜਪਾਲ ਵੱਲੋਂ ਸੂਬੇ 'ਚ ਰਾਸ਼ਟਰਪਤੀ ਲਾਉਣ ਦੇ ਪ੍ਰਸਤਾਵ ਸਬੰਧੀ ਚਰਚਾ ਹੋ ਸਕਦੀ ਹੈ। ਹਾਲਾਂਕਿ ਖ਼ਬਰ ਇਹ ਵੀ ਸੀ ਕੁਝ ਸਮਾਂ ਪਹਿਲਾਂ ਰਾਜਪਾਲ ਵੱਲੋਂ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਲਾਉਣ ਦਾ ਪ੍ਰਸਤਾਵ ਦਿੱਲੀ ਨਹੀਂ ਭੇਜਿਆ ਗਿਆ ਸੀ।

ਦੂਸਰੇ ਪਾਸੇ ਰਾਸ਼ਟਰਪਤੀ ਸ਼ਾਸਨ ਦੀ ਸਿਫ਼ਾਰਿਸ਼ ਤੋਂ ਬਾਅਦ ਹਲਚਲ ਤੇਜ਼ ਹੋ ਗਈ ਹੈ ਕਿਉਂਕਿ ਐੱਨਸੀਪੀ ਕੋਲ ਸਾਢੇ ਅੱਠ ਵਜੇ ਤਕ ਦਾ ਸਮਾਂ ਸੀ ਤੇ ਅਜਿਹੇ 'ਚ ਇਸ ਸਿਫ਼ਾਰਿਸ਼ ਨਾਲ ਸ਼ਿਵ ਸੈਨਾ ਸਹਿਮਤ ਨਹੀਂ ਹੈ। ਖ਼ਬਰ ਹੈ ਕਿ ਸ਼ਿਵ ਸੈਨਾ ਨੇ ਇਸ ਖ਼ਿਲਾਫ਼ ਸੁਪਰੀਮ ਕੋਰਟ ਜਾਣ ਦੀ ਤਿਆਰੀ ਕਰ ਲਈ ਹੈ।

ਇਨ੍ਹਾਂ ਸਾਰੀਆਂ ਕਿਆਸਅਰਾਈਆਂ ਦੌਰਾਨ ਹੁਣ ਬੈਠਕ ਦਾ ਏਜੰਡਾ ਇਸ ਦੇ ਖ਼ਤਮ ਹੋਣ ਤੋਂ ਬਾਅਦ ਹੀ ਪੂਰੀ ਤਰ੍ਹਾਂ ਸਾਫ਼ ਹੋ ਸਕੇਗਾ। ਫਿਲਹਾਲ ਬੈਠਕ ਜਾਰੀ ਹੈ ਤੇ ਇਸ ਦੇ ਖ਼ਤਮ ਹੋਣ 'ਤੇ ਸੰਭਾਵਿਤ ਕੈਬਨਿਟ ਵੱਲੋਂ ਮੀਡੀਆ ਨੂੰ ਇਸ ਦੀ ਸੂਚਨਾ ਦਿੱਤੀ ਜਾਵੇਗੀ। ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੂੰ ਅੱਜ ਰਾਤ ਨੂੰ ਬ੍ਰਾਜ਼ੀਲ ਲਈ ਰਵਾਨਾ ਹੋਣਗੇ।

Posted By: Akash Deep