ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ 'ਤੇ ਹਮਲਾ ਕੀਤਾ। ਉਨ੍ਹਾਂ ਸਾਫ਼ ਕਰ ਦਿੱਤਾ ਕਿ ਕਾਂਗਰਸ ਆਗੂ ਆਪਣੇ ਜਿਨ੍ਹਾਂ ਪੁਰਖਿਆਂ ਦੇ ਨਾਂ 'ਤੇ ਵੋਟ ਮੰਗ ਰਹੇ ਹਨ ਉਨ੍ਹਾਂ ਦੇ ਕਾਰਨਾਮਿਆਂ ਦਾ ਹਿਸਾਬ ਵੀ ਉਨ੍ਹਾਂ ਨੂੰ ਦੇਣਾ ਪਵੇਗਾ। ਦਿੱਲੀ ਦੇ ਰਾਮਲੀਲਾ ਮੈਦਾਨ 'ਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੀਐੱਮ ਮੋਦੀ ਨੇ ਰਾਜੀਵ ਗਾਂਧੀ 'ਤੇ ਫ਼ੌਜ ਦੇ ਯੁੱਧ ਪੋਤ ਵਿਰਾਟ ਦਾ ਨਿੱਜੀ ਟੈਕਸੀ ਵਾਂਗ ਇਸਤੇਮਾਲ ਕਰਨ ਦਾ ਦੋਸ਼ ਲਗਾਇਆ।

ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਨੂੰ ਅਤੇ ਖ਼ਾਸਕਰ ਪਹਿਲੀ ਵਾਰ ਮਤਦਾਨ ਕਰਨ ਵਾਲੇ ਨੌਜਵਾਨਾਂ ਨੂੰ ਇਸ ਦੀ ਜਾਣਕਾਰੀ ਵੀ ਹੋਣੀ ਚਾਹੀਦੀ ਹੈ। ਫ਼ੌਜ ਨੂੰ ਨਿੱਜੀ ਜਾਗੀਰ ਸਮਝ ਕੇ ਰਾਹੁਲ ਗਾਂਧੀ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਰਾਜੀਵ ਗਾਂਧੀ ਨੇ ਕਿਸ ਤਰ੍ਹਾਂ ਫ਼ੌਜ ਨੂੰ ਨਿੱਜੀ ਜਾਗੀਰ ਦੀ ਤਰ੍ਹਾਂ ਇਸਤੇਮਾਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਰਹਿੰਦੇ ਹੋਏ ਰਾਜੀਵ ਗਾਂਧੀ ਨੇ ਸਮੁੰਦਰੀ ਹੱਦ ਦੀ ਸੁਰੱਖਿਆ ਨਾਲ ਸਮਝੌਤਾ ਕਰਦੇ ਹੋਏ ਪਰਿਵਾਰ ਨਾਲ 10 ਦਿਨ ਛੁੱਟੀਆਂ ਮਨਾਉਣ ਲਈ ਆਈਐੱਨਐੱਸ ਵਿਰਾਟ ਦਾ ਇਸਤੇਮਾਲ ਕੀਤਾ ਸੀ।

ਪਰਿਵਾਰ ਦੇ ਨਾਲ-ਨਾਲ ਇਟਲੀ ਤੋਂ ਵਿਦੇਸ਼ੀ ਰਿਸ਼ਤੇਦਾਰਾਂ ਨੂੰ ਵੀ ਬੁਲਾਇਆ ਗਿਆ ਸੀ। ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਕੀ ਯੁੱਧ ਪੋਤ 'ਤੇ ਵਿਦੇਸ਼ੀ ਨਾਗਰਿਕ ਨੂੰ ਲੈ ਕੇ ਜਾਣਾ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਸੀ? ਪ੍ਰਧਾਨ ਮੰਤਰੀ ਨੇ ਇਸ ਨੂੰ ਆਈਐੱਨਐੱਸ ਵਿਰਾਟ ਦੀ ਤੌਹੀਨ ਦੱਸਿਆ। ਉਨ੍ਹਾਂ ਕਿਹਾ ਕਿ ਜਿਸ ਟਾਪੂ 'ਤੇ ਉਹ ਛੁੱਟੀਆਂ ਮਨਾਉਣ ਗੇ ਸਨ, ਉਹ ਸੁੰਨਸਾਨ ਸੀ ਅਤੇ ਉੱਥੇ ਕੋਈ ਸੁਵਿਧਾ ਨਹੀਂ ਸੀ, ਇਸ ਲਈ ਸਮੁੰਦਰੀ ਫ਼ੌਜ ਦੇ ਜਵਾਨਾਂ ਨੂੰ ਉੱਥੇ ਕੰਮ 'ਤੇ ਲਗਾਇਆ ਗਿਆ। ਫ਼ੌਜ ਦੇ ਇਕ ਹੈਲੀਕਾਪਟਰ ਵੀ ਉਨ੍ਹਾਂ ਦੀ ਸੇਵਾ 'ਚ ਲੱਗਿਆ ਰਿਹਆ।

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਨਾਂ ਘਸੀਟਣ 'ਤੇ ਕਾਂਗਰਸ ਦੇ ਇਤਰਾਜ਼ਾਂ ਨੂੰ ਖਾਰਜ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਲੋਕ ਆਪਣੇ ਪੁਰਖਿਆਂ ਦੇ ਨਾਂ 'ਤੇ ਵੋਟ ਮੰਗਦੇ ਹਨ ਪਰ ਉਨ੍ਹਾਂ ਨੂੰ ਆਪਣੇ ਪੁਰਖਿਆਂ ਦੇ ਕਾਰਨਾਮੇ ਗਿਣਾਉਣ 'ਤੇ ਇਤਰਾਜ਼ ਹੋ ਰਿਹਾ ਹੈ। ਉਨ੍ਹਾਂ ਸਾਫ਼ ਕਰ ਦਿੱੱਤਾ ਕਿ ਜੇਕਰ ਕਿਸੇ ਦੇ ਨਾਂ 'ਤੇ ਵੋਟ ਮੰਗ ਰਹੇ ਹਨ ਤਾਂ ਉਨ੍ਹਾਂ ਦੇ ਕਾਰਨਾਮਿਆਂ ਦਾ ਹਿਸਾਬ ਵੀ ਤੁਹਾਨੂੰ ਦੇਣਾ ਪਵੇਗਾ।

Posted By: Akash Deep