ਨਵੀਂ ਦਿੱਲੀ : ਧਾਰਾ 370 ਨੂੰ ਖਪਤ ਕਰਨ ਸਮੇਤ ਕਈ ਵੱਡੇ ਫ਼ੈਸਲੇ ਲੈਣ ਦੇ ਨਾਲ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਦੇ ਰੂਪ 'ਚ ਆਪਣੀ ਦੂਜੀ ਪਾਰੀ 'ਚ 75 ਦਿਨ ਪੂਰੇ ਕਰ ਲਏ ਹਨ। ਕਸ਼ਮੀਰ ਸਮੇਤ ਤਮਾਮ ਅਹਿਮ ਮੁੱਦਿਆਂ 'ਤੇ ਪ੍ਰਧਾਨ ਮੰਤਰੀ ਨੇ ਸਮਾਚਾਰ ਏਜੰਸੀ ਨਾਲ ਗੱਲਬਾਤ 'ਚ ਖੁੱਲ੍ਹ ਕੇ ਆਪਣੀ ਰਾਇ ਰੱਖੀ। ਉਹ ਕਹਿੰਦੇ ਹਨ, ਸਰਕਾਰ ਨੇ ਆਪਣੇ ਕਾਰਜਕਾਲ ਦੇ ਸ਼ੁਰੂਆਤੀ ਦਿਨਾਂ 'ਚ ਹੀ ਵੱਡੀ ਰਫ਼ਤਾਰ ਨਾਲ ਕੰਮ ਕੀਤਾ ਹੈ ਅਤੇ ਇਸ ਦੌਰਾਨ ਸਪੱਸ਼ਟ ਨੀਤੀ ਅਤੇ ਸਹੀ ਦਿਸ਼ਾ ਦਾ ਪ੍ਰਦਰਸ਼ਨ ਕੀਤਾ ਹੈ।


ਮੋਦੀ ਨੇ ਦੱਸਿਆ-ਇਕ ਮਜ਼ਬੂਤ ਸ਼ਾਸਨ ਕੀ ਕਰ ਸਕਦਾ ਹੈ?

ਉਹ ਆਪਣੀ ਸਰਕਾਰ ਦੀਆਂ ਉਪਲੱਬਧੀਆਂ ਨੂੰ ਗਿਣਾਉਂਦੇ ਹੋਏ ਕਹਿੰਦੇ ਹਨ, ਬੱਚਿਆਂ ਦੀ ਸੁਰੱਖਿਆ ਤੋਂ ਲੈ ਕੇ ਚੰਦਰਯਾਨ-2 ਮੁਹਿੰਮ ਤੱਕ, ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਤੋਂ ਲੈ ਕੇ ਮੁਸਲਮਾਨ ਔਰਤਾਂ ਨੂੰ ਤੁਰੰਤ ਤਿੰਨ ਤਲਾਕ ਦੀ ਕੁਪ੍ਰਥਾ ਤੋਂ ਆਜ਼ਾਦੀ ਦਿਵਾਉਣ ਤੱਤ, ਕਸ਼ਮੀਰ ਤੋਂ ਲੈ ਕੇ ਕਿਸਾਨ ਕਲਿਆਣ ਤੱਕ ਸਰਕਾਰ ਨੇ ਵਿਖਾਇਆ ਹੈ ਕਿ ਇਕ ਮਜ਼ਬੂਤ ਸ਼ਾਸਨ ਕੀ ਕਰ ਸਕਦਾ ਹੈ।


ਧਾਰਾ 370 ਦਾ ਵਿਰੋਧ ਉਹੀ ਕਰ ਰਹੇ ਹਨ ਜੋ ਅੱਤਵਾਦੀਆਂ ਦੇ ਹਮਦਰਦ ਹਨ

ਪ੍ਰਧਾਨ ਮੰਤਰੀ ਤੋਂ ਜਦੋਂ ਪੁੱਛਿਆ ਗਿਆ ਕਿ ਧਾਰਾ 370 ਨੂੰ ਲੈ ਕੇ ਇੰਨਾ ਵੱਡਾ ਫ਼ੈਸਲਾ ਕਿਵੇਂ ਲਿਆ ਗਿਆ ਅਤੇ ਕਿਵੇਂ ਤੁਸੀਂ ਮੰਨਦੇ ਹੋ ਕਿ ਜੰਮੂ ਕਸ਼ਮੀਰ ਦੇ ਲੋਕ ਤੁਹਾਡੇ ਨਾਲ ਖੜ੍ਹੇ ਹੋਣਗੇ, ਉਨ੍ਹਾਂ ਬਿਨਾਂ ਕਿਸੇ ਦੇਰੀ ਦੇ ਜਵਾਬ ਦਿੱਤਾ, ਤੁਸੀਂ ਕਿਰਪਾ ਕਰਕੇ ਇਸ ਫ਼ੈਸਲੇ ਦਾ ਵਿਰੋਧ ਕਰਨ ਵਾਲੇ ਲੋਕਾਂ ਦੀ ਸੂਚੀ ਵੇਖੋ। ਉਹੀ ਲੋਕ ਵਿਰੋਧ ਕਰ ਰਹੇ ਹਨ ਜਿਨ੍ਹਾਂ ਦੇ ਆਪਣੇ ਹਿੱਤ ਹਨ, ਜੋ ਰਾਜਨੀਤਕ ਵਿਰਾਸਤ ਵਾਲੇ ਹਨ, ਜੋ ਅੱਤਵਾਦੀਆਂ ਦੇ ਹਮਦਰਦ ਹਨ ਅਤੇ ਕੁਝ ਵਿਰੋਧੀ ਮਿੱਤਰ ਵੀ। ਭਾਰਤ ਦੇ ਲੋਕਾਂ ਨੇ ਇਸ ਫ਼ੈਸਲੇ ਦਾ ਸਮੱਰਥਨ ਕੀਤਾ ਹੈ ਭਾਵੇਂ ਉਨ੍ਹਾਂ ਦੀ ਰਾਜਨੀਤਕ ਵਿਚਾਰਧਾਰਾ ਕੁਝ ਵੀ ਹੋਵੇ। ਇਹ ਦੇਸ਼ ਦਾ ਸਵਾਲ ਹੈ, ਰਾਜਨੀਤੀ ਦਾ ਨਹੀਂ। ਲੋਕ ਸਮਝ ਰਹੇ ਹਨ ਕਿ ਅੱਜ ਉਹ ਸਖ਼ਤ ਫ਼ੈਸਲੇ ਕੀਤੇ ਜਾ ਰਹੇ ਹਨ ਜੋ ਦੇਸ਼ ਲਈ ਜ਼ਰੂਰੀ ਹਨ ਅਤੇ ਜਿਨ੍ਹਾਂ ਨੂੰ ਪਹਿਲਾਂ ਲਏ ਜਾਣ ਤੋਂ ਬਚਿਆ ਜਾਂਦਾ ਸੀ।


ਸਥਾਨਕ ਨੌਜਵਾਨਾਂ ਲਈ ਖੁੱਲ੍ਹਣਗੇ ਰੁਜ਼ਗਾਰ ਦੇ ਮੌਕੇ

ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵਿਕਾਸ ਤੋਂ ਵਾਂਝਾ ਰੱਖਿਆ ਗਿਆ ਸੀ। ਆਰਥਿਕ ਮੌਕੇ ਨਹੀਂ ਵਧ ਸਕੇ। ਅੱਜ ਵਿਕਾਸ ਨੂੰ ਇਕ ਮੌਕਾ ਦੇਣ ਦੀ ਵਾਰੀ ਹੈ। ਅੱਜ ਬੀਪੀਓ ਤੋਂ ਲੈ ਕੇ ਸਟਾਰਟਅੱਪ ਤੱਕ, ਖੁਰਾਕ ਸਪਲਾਈ ਤੋਂ ਲੈ ਕੇ ਸੈਰ-ਸਪਾਟਾ ਤੱਕ ਕਈ ਉਦਯੋਗ ਨਿਵੇਸ਼ ਲਈ ਅੱਗੇ ਆਉਣ ਲਈ ਤਿਆਰ ਹਨ ਅਤੇ ਇਸ ਨਾਲ ਨਿਸ਼ਚਿਤ ਹਨ ਸਥਾਨਕ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਧਾਰਾ 370 ਅਤੇ 35ਏ ਇਕ ਬੇੜੀ ਵਾਂਗ ਸਨ, ਜਿਨ੍ਹਾਂ ਨੇ ਲੋਕਾਂ ਨੂੰ ਬੰਨ੍ਹ ਰੱਖਿਆ ਸੀ।


ਦੂਜੀ ਵਾਰ ਵੱਡੇ ਬਹੁਮਤ ਨਾਲ ਜਿੱਤਣ 'ਤੇ ਵਧ ਗਈਆਂ ਲੋਕਾਂ ਦੀਆਂ ਉਮੀਦਾਂ

ਮੋਦੀ 2.0 ਦੀ ਹੋਰ ਜ਼ਿਆਦਾ ਵਿਆਖਿਆ ਕਰਦੇ ਹੋਏ ਪੀਐੱਮ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਜਲਸ਼ਕਤੀ ਮੰਤਰਾਲੇ ਬਣਾ ਕੇ ਪੀਣ ਵਾਲੇ ਪਾਣੀ ਦੀ ਉਪਲੱਬਧਤਾ ਅਤੇ ਜਨ ਸੁਰੱਖਿਆ ਲਈ ਵੱਡੀ ਪਹਿਲ ਕੀਤੀ ਹੈ। ਕੀ ਦੂਜੀ ਵਾਰ ਵੱਡੇ ਬਹੁਮਤ ਨਾਲ ਜਿੱਤਣ ਤੋਂ ਬਾਅਦ ਉਮੀਦਾਂ ਵਧ ਗਈਆਂ ਹਨ, ਇਸ ਸਵਾਲ 'ਤੇ ਪ੍ਰਧਾਨ ਮੰਤਰੀ ਨੇ ਕਿਹਾ, ਹਾਂ ਇਕ ਹੱਦ ਤੱਕ। ਇਕ ਤਰ੍ਹਾਂ ਨਾਲ ਇਹ ਪਹਿਲੇ ਪ੍ਰੋਗਰਾਮ 'ਚ ਕੀਤੇ ਗਏ ਕੰਮਾਂ ਦਾ ਨਤੀਜਾ ਵੀ ਹੈ। ਅਸੀਂ ਇਸ ਵਾਰ ਪਹਿਲੇ 75 ਦਿਨਾਂ 'ਚ ਇੰਨਾ ਜ਼ਿਆਦਾ ਕੰਮ ਇਸ ਲਈ ਕਰ ਸਕਦੇ ਹਾਂ, ਕਿਉਂਕਿ ਪਹਿਲੇ ਕਾਰਜਕਾਲ 'ਚ ਇਸ ਸਭ ਦੀ ਬੁਨਿਆਦ ਬਣਾ ਦਿੱਤੀ ਗਈ ਸੀ।


ਇਰਾਦੇ ਸਹੀ, ਉਦੇਸ਼ ਸਪੱਸ਼ਟ ਹੋਵੇ ਤਾਂ ਮਿਲਦਾ ਹੈ ਲੋਕਾਂ ਦਾ ਸਮੱਰਥਨ

17ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਕੰਮਕਾਜ ਦੇ ਲਿਹਾਜ਼ ਨਾਲ ਇਕ ਰਿਕਾਰਡ ਰਿਹਾ ਹੈ। ਇਹ ਕੋਈ ਸਾਧਾਰਨ ਉਪਲੱਬਧੀ ਨਹੀਂ ਹੈ। ਸਾਨੂੰ ਖ਼ੁਸ਼ੀ ਹੈ ਕਿ ਅਸੀਂ ਤਮਾਮ ਵੱਡੀਆਂ ਯੋਜਨਾਵਾਂ ਸ਼ੁਰੂ ਕਰ ਸਕੇ, ਜਿਵੇਂ ਕਿ ਕਿਸਾਨਾਂ ਅਤੇ ਵਪਾਰੀਆਂ ਲਈ ਪੈਨਸ਼ਨ ਸਕੀਮ, ਮੈਡੀਕਲ ਖੇਤਰ 'ਚ ਸੁਧਾਰਾਂ ਦੀ ਸ਼ੁਰੂਆਤ, ਇੰਸਾਲਵੈਂਸੀ ਅਤੇ ਬੈਂਕਰਪਸੀ ਕੋਡ 'ਚ ਅਹਿਮ ਸੋਧ, ਕਿਰਤ ਸੁਧਾਰਾਂ ਦੀ ਸ਼ੁਰੂਆਤ ਆਦਿ। ਇਹ ਸੂਚੀ ਲੰਮੀ ਹੈ। ਮੂਲ ਗੱਲ ਇਹ ਹੈ ਕਿ ਜਦੋਂ ਇਰਾਦੇ ਸਹੀ ਹੁੰਦੇ ਹਨ ਅਤੇ ਉਦੇਸ਼ ਦੀ ਸਪੱਸ਼ਟਤਾ ਹੁੰਦੀ ਹੈ ਅਤੇ ਲੋਕਾਂ ਦਾ ਸਮੱਰਥਨ ਹੁੰਦਾ ਹੈ ਤਾਂ ਉਪਲੱਬਧੀਆਂ ਦੀ ਕੋਈ ਹੱਦ ਨਹੀਂ ਰਹਿ ਜਾਂਦੀ।

Posted By: Jagjit Singh