ਮੈਸੂਰ (ਏਜੰਸੀਆਂ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਤਰੱਕੀ ਯਕੀਨੀ ਬਣਾਉਣ ਤੇ ਇਸ ਦਹਾਕੇ ਨੂੰ ਭਾਰਤ ਦਾ ਬਣਾਉਣ ਲਈ ਹਰ ਖੇਤਰ 'ਚ ਜ਼ਰੂਰੀ ਬਦਲਾਅ ਕੀਤੇ ਜਾ ਰਹੇ ਹਨ। ਦੇਸ਼ ਨੂੰ ਉੱਚ ਸਿੱਖਿਆ ਦਾ ਕੇਂਦਰ ਬਣਾਉਣ ਤੇ ਆਪਣੇ ਕਰੋੜਾਂ ਨੌਜਵਾਨਾਂ ਨੂੰ ਮੁਕਾਬਲੇ ਲਾਇਕ ਬਣਾਉਣ ਲਈ ਵੀ ਸਾਰੇ ਪੱਧਰਾਂ 'ਤੇ ਯਤਨ ਕੀਤੇ ਜਾ ਰਹੇ ਹਨ।

ਵੀਡੀਓ ਕਾਨਫਰੰਸ ਜ਼ਰੀਏ ਮੈਸੂਰ ਯੂਨੀਵਰਸਿਟੀ ਦੇ ਸ਼ਤਾਬਦੀ ਦੀਕਸ਼ਾ ਸਮਾਗਮ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, 'ਪਿਛਲੇ ਛੇ-ਸੱਤ ਮਹੀਨਿਆਂ ਤੋਂ ਸ਼ਾਇਦ ਤੁਸੀਂ ਸੁਧਾਰਾਂ ਦੀ ਰਫ਼ਤਾਰ ਤੇ ਉਨ੍ਹਾਂ ਦੇ ਘੇਰੇ ਨੂੰ ਵਧਦੇ ਹੋਏ ਦੇਖਿਆ ਹੋਵੇਗਾ। ਖੇਤੀ, ਪੁਲਾੜ, ਰੱਖਿਆ, ਹਵਾਬਾਜ਼ੀ ਜਾਂ ਕਿਰਤ ਕੋਈ ਵੀ ਖੇਤਰ ਹੋਵੇ, ਤਰੱਕੀ ਲਈ ਹਰ ਖੇਤਰ 'ਚ ਜ਼ਰੂਰੀ ਬਦਲਾਅ ਕੀਤੇ ਜਾ ਰਹੇ ਹਨ। ਇਹ ਦਹਾਕਾ ਭਾਰਤ ਦਾ ਤਾਂ ਹੀ ਹੋ ਸਕਦਾ ਹੈ ਜਦੋਂ ਅਸੀਂ ਆਪਣੀ ਬੁਨਿਆਦ ਮਜ਼ਬੂਤ ਬਣਾਈਏ। ਇਹ ਦਹਾਕਾ ਨੌਜਵਾਨ ਭਾਰਤ ਲਈ ਬੇਅੰਤ ਸੰਭਾਵਨਾਵਾਂ ਲੈ ਕੇ ਆਇਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ 'ਚ ਹੁਣ ਕੀਤੇ ਜਾ ਰਹੇ ਸੁਧਾਰ ਪਹਿਲਾਂ ਕਦੀ ਨਹੀਂ ਹੋਏ ਸਨ। ਜੇਕਰ ਅਤੀਤ 'ਚ ਫ਼ੈਸਲੇ ਲਏ ਵੀ ਗਏ ਸਨ ਤਾਂ ਹੋਰ ਖੇਤਰਾਂ ਨੂੰ ਛੱਡ ਕੇ ਉਹ ਸਿਰਫ਼ ਇਕ ਖੇਤਰ ਤਕ ਸੀਮਤ ਸਨ। ਪਿਛਲੇ ਛੇ ਸਾਲ 'ਚ ਕਈ ਖੇਤਰਾਂ 'ਚ ਕਈ ਸੁਧਾਰ ਕੀਤੇ ਗਏ ਹਨ। ਜੇਕਰ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਸਿੱਖਿਆ ਖੇਤਰ ਦਾ ਭਵਿੱਖ ਯਕੀਨੀ ਬਣਾ ਰਹੀ ਹੈ ਤਾਂ ਖੇਤੀ ਸਬੰਧੀ ਸੁਧਾਰ ਕਿਸਾਨਾਂ ਨੂੰ ਮਜ਼ਬੂਤ ਬਣਾ ਰਹੇ ਹਨ। ਕਿਰਤ ਦੇ ਖੇਤਰ 'ਚ ਤਰੱਕੀ ਨੂੰ ਬੜ੍ਹਾਵਾ ਦਿੰਦਿਆਂ ਕਿਰਤ ਤੇ ਸਨਅਤਾਂ ਦੋਵਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਰਹੀ ਹੈ। ਡਾਇਰੈਕਟ ਬੈਨੀਫਿਟ ਟਰਾਂਸਫਰ ਨਾਲ ਜਨਤਕ ਵੰਡ ਪ੍ਰਣਾਲੀ 'ਚ ਸੁਧਾਰ ਹੋਇਆ ਹੈ ਤਾਂ ਰੀਅਲ ਅਸਟੇਟ ਰੈਗੁਲੇਟਰੀ ਅਥਾਰਟੀ (ਰੇਰਾ) ਤੋਂ ਘਰ ਖ਼ਰੀਦਦਾਰਾਂ ਨੂੰ ਸੁਰੱਖਿਆ ਮਿਲੀ ਹੈ। ਜੇਕਰ ਦੇਸ਼ ਨੂੰ ਟੈਕਸਾਂ ਦੇ ਸੰਜਾਲ ਤੋਂ ਬਚਾਉਣ ਲਈ ਜੀਐੱਸਟੀ ਲਾਗੂ ਕੀਤਾ ਗਿਆ ਹੈ ਤਾਂ ਟੈਕਸਾਂ ਲਈ ਫੇਸਲੈਸ ਅਸੈਸਮੈਂਟ ਲਿਆਂਦਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਦੱਸਿਆ, 'ਪਿਛਲੇ ਪੰਜ-ਛੇ ਸਾਲਾਂ 'ਚ ਕੁਲ ਸੱਤ ਭਾਰਤੀ ਪ੍ਰਬੰਧ ਸੰਸਥਾਨ (ਆਈਆਈਐਮ) ਸਥਾਪਿਤ ਕੀਤੇ ਗਏ ਹਨ। ਇਸ ਤੋਂ ਪਹਿਲਾਂ ਦੇਸ਼ 'ਚ ਸਿਰਫ਼ 13 ਆਈਆਈਐੱਮ ਸਨ। ਇਸੇ ਤਰ੍ਹਾਂ ਪਿਛਲੇ ਸੱਤ ਦਹਾਕਿਆਂ 'ਚ ਸਿਰਫ਼ ਸੱਤ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਸ) ਸਨ, ਪਰ 2014 ਤੋਂ ਬਾਅਦ 15 ਏਮਸ ਸਥਾਪਿਤ ਕੀਤੇ ਗਏ ਹਨ ਜਾਂ ਸ਼ੁਰੂ ਹੋਣ ਦੀ ਪ੍ਰਕਿਰਿਆ 'ਚ ਹਨ। ਪਿਛਲੇ ਛੇ ਸਾਲਾਂ 'ਚ ਸਾਲਾਨਾ ਔਸਤਨ ਇਕ ਭਾਰਤੀ ਸਨਅਤੀ ਸੰਸਥਾਨ (ਆਈਆਈਟੀ) ਖੋਲਿ੍ਆ ਗਿਆ ਹੈ। ਮੋਦੀ ਨੇ ਕਿਹਾ ਕਿ ਸਿੱਖਿਆ ਦੇ ਖੇਤਰ 'ਚ ਕੀਤੇ ਜਾ ਰਹੇ ਯਤਨ ਸਿਰਫ਼ ਨਵੇਂ ਅਦਾਰੇ ਖੋਲ੍ਹਣ ਤਕ ਸੀਮਤ ਨਹੀਂ ਹਨ, ਬਲਕਿ ਉਨ੍ਹਾਂ ਨੂੰ ਜ਼ਿਆਦਾ ਖ਼ੁਦਮੁਖ਼ਤਿਆਰੀ ਦੇ ਕੇ ਪ੍ਰਸ਼ਾਸਨ 'ਚ ਸੁਧਾਰ ਤੇ ਲਿੰਗਕ ਤੇ ਸਮਾਜਿਕ ਭਾਈਵਾਲੀ ਯਕੀਨੀ ਬਣਾਉਣਾ ਵੀ ਹੈ। ਪ੍ਰੋਗਰਾਮ 'ਚ ਕਰਨਾਟਕ ਦੇ ਰਾਜਪਾਲ ਤੇ ਸੂਬੇ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਵਜੂਭਾਈ ਵਾਲਾ, ਉਪ ਮੁੱਖ ਮੰਤਰੀ ਸੀਐੱਨ ਅਸ਼ਵਥ ਨਾਰਾਇਣ ਤੇ ਹੋਰ ਲੋਕ ਵੀ ਸ਼ਾਮਿਲ ਸਨ।