ਨਵੀਂ ਦਿੱਲੀ, ਏਐੱਨਆਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 75ਵੇਂ ਆਜ਼ਾਦੀ ਦਿਵਸ 'ਤੇ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕੀਤਾ। ਦੇਸ਼ ਫਿਲਹਾਲ ਕੋਰੋਨਾ ਮਹਾਮਾਰੀ ਦੇ ਸੰਕਟ ਨਾਲ ਜੂਝ ਰਿਹਾ ਹੈ। ਪੂਰੀ ਦੁਨੀਆ 'ਚ ਲੋਕ ਕੋਰੋਨਾ ਦੀ ਵੈਕਸੀਨ ਲਈ ਆਸਵੰਦ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਲਾਲ ਕਿਲ੍ਹੇ ਤੋਂ ਐਲਾਨ ਕੀਤਾ ਕਿ ਦੇਸ਼ ਵਿਚ ਫਿਲਹਾਲ ਕੋਰੋਨਾ ਦੀਆਂ ਤਿੰਨ ਵੈਕਸੀਨ ਦਾ ਟ੍ਰਾਇਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਗਿਆਨੀ ਫਿਲਹਾਲ ਕੋਰੋਨਾ ਵਾਇਰਸ ਦੀ ਵੈਕਸੀਨ ਬਣਾਉਣ 'ਚ ਜੁਟੇ ਹਨ, ਉਹ ਤਪੱਸਿਆ 'ਚ ਜੁਟੇ ਹੋਏ ਹਨ।

ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ ਤੋਂ ਆਪਣੇ ਸੰਬੋਧਨ 'ਚ ਕਿਹਾ ਕਿ ਜਦੋਂ ਵੀ ਕੋਰੋਨਾ ਵਾਇਰਸ ਦੀ ਗੱਲ ਹੁੰਦੀ ਹੈ ਤਾਂ ਹਰ ਕਿਸੇ ਦੇ ਜ਼ਿਹਨ 'ਚ ਸਵਾਲ ਹੁੰਦਾ ਹੈ ਕਿ ਆਖ਼ਿਰ ਵੈਕਸੀਨ ਕਦੋਂ ਤਕ ਤਿਆਰ ਹੋਵੇਗੀ। ਪੀਐੱਮ ਨੇ ਕਿਹਾ ਕਿ ਦੇਸ਼ ਦੇ ਵਿਗਿਆਨੀ ਰਿਸ਼ੀਆਂ-ਮੁਨੀਆਂ ਵਾਂਗ ਹਨ ਜਿਹੜੇ ਫਿਲਹਾਲ ਲੈਬ 'ਚ ਕੜੀ ਤਪੱਸਿਆ ਕਰ ਰਹੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਅੱਜ ਭਾਰਤ 'ਚ ਕੋਰੋਨਾ ਦੀ ਇਕ ਨਹੀਂ, ਦੋ ਨਹੀਂ, ਤਿੰਨ-ਤਿੰਨ ਵੈਕਸੀਨਜ਼ ਇਸ ਵੇਲੇ ਟੈਸਟਿੰਗ ਦੇ ਪੜਾਅ 'ਚ ਹਨ। ਜਿਉਂ ਹੀ ਵਿਗਿਆਨੀਆਂ ਤੋਂ ਹਰ ਝੰਡੀ ਮਿਲੇਗੀ, ਦੇਸ਼ ਦੀ ਤਿਆਰੀ ਉਨ੍ਹਾਂ ਵੈਕਸੀਨ ਦੀ ਵੱਡੇ ਪੱਧਰ 'ਤੇ ਉਤਪਾਦਨ ਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਨਾਲ ਹੀ ਦੱਸਿਆ ਕਿ ਦੇਸ਼ ਵਿਚ ਕੋਰੋਨਾ ਦੀ ਟੈਸਟਿੰਗ ਕਿਸ ਤਰ੍ਹਾਂ ਤੇਜ਼ ਹੋਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਕੋਰੋਨਾ ਸ਼ੁਰੂ ਹੋਇਆ ਸੀ, ਉਦੋਂ ਦੇਸ਼ ਵਿਚ ਟੈਸਟਿੰਗ ਲਈ ਸਿਰਫ਼ ਇਕ ਲੈਬ ਸੀ। ਅੱਜ ਦੇਸ਼ ਵਿਚ ਕੋਰੋਨਾ ਦੀ ਜਾਂਚ ਲਈ 1400 ਤੋਂ ਜ਼ਿਆਦਾ ਲੈਬ ਹਨ।

ਕਾਬਿਲੇਗ਼ੌਰ ਹੈ ਕਿ ਦੇਸ਼ ਵਿਚ ਫਿਲਹਾਲ ਤਿੰਨ ਕੋਰੋਨਾ ਵੈਕਸੀਨ ਦਾ ਟ੍ਰਾਇਲ ਚੱਲ ਰਿਹਾ ਹੈ। ਇਨ੍ਹਾਂ ਵਿਚ ਭਾਰਤ ਬਾਇਓਟੈੱਕ ਦੀ ਕੋਵਾਕਸਿਨ (Covaxin), ਜਾਇਡਸ ਕੈਡਿਲਾ ਦੀ ਜਾਈਕੋਵ-ਡੀ (Zykov-D) ਤੇ ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ ਸ਼ਾਮਲ ਹਨ। ਦੇਸ਼ ਦੀ ਪਹਿਲੀ ਸਵਦੇਸ਼ੀ ਕੋਰੋਨਾ ਵੈਕਸੀਨ ਕੋਵਾਕਸਿਨ (Covaxine) ਦਾ ਟ੍ਰਾਇਲ ਭਾਰਤ ਬਾਇਓਟੈੱਕ ਦੀ ਅਗਵਾਈ 'ਚ ਦੇਸ਼ ਦੇ ਕੁੱਲ 12 ਸੈਂਟਰਾਂ 'ਤੇ ਚੱਲ ਰਿਹਾ ਹੈ। ਇਕ ਜਾਣਕਾਰੀ ਮੁਤਾਬਿਕ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ 'ਚ ਹੁਣ ਤਕ ਪਹਿਲਾ ਟ੍ਰਾਈਲ ਪੂਰਾ ਹੋ ਗਿਆ ਹੈ ਤੇ ਸਤੰਬਰ ਦੀ ਸ਼ੁਰੂਆਤ 'ਚ ਦੂਸਰਾ ਫੇਜ਼ ਸ਼ੁਰੂ ਹੋਣ ਦੇ ਆਸਾਰ ਹਨ।

Posted By: Seema Anand