ਮੁੰਬਈ, ਏਐੱਨਆਈ : PM Modi Met Arun Shourie, ਭਾਰਤੀ ਜਨਤਾ ਪਾਰਟੀ ਦੇ ਸਾਬਕਾ ਨੇਤਾ ਤੇ ਪ੍ਰਸਿੱਧ ਪੱਤਰਕਾਰ ਅਰੁਣ ਸ਼ੋਰੀ ਨਾਲ ਅੱਜ ਪੂਣੇ ਦੇ ਰੂਬੀ ਹਾਲ ਕਲੀਨਿਕ ਹਸਪਤਾਲ 'ਚ ਪੀਐੱਮ ਨਰਿੰਦਰ ਮੋਦੀ ਨੇ ਮੁਲਾਕਾਤ ਕੀਤੀ। ਪੀਐੱਮ ਮੋਦੀ ਨੇ ਇਸ ਦੀ ਜਾਣਕਾਰੀ ਖ਼ੁਦ ਟਵੀਟ ਕਰ ਕੇ ਦਿੱਤੀ।


ਦੱਸ ਦੇਈਏ ਕਿ ਸ਼ੋਰੀ ਨੂੰ ਪੀਐੱਮ ਮੋਦੀ ਦਾ ਆਲੋਚਕ ਮੰਨਿਆ ਜਾਂਦਾ ਹੈ। ਪਿਛਲੇ ਦਿਨੀਂ ਲਵਾਸਾ 'ਚ ਆਪਣੇ ਘਰ ਨੇੜੇ 78 ਸਾਲਾ ਅਰੁਣ ਸ਼ੋਰੀ ਬੇਹੋਸ਼ ਹੋ ਕੇ ਡਿੱਗ ਪਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਇਸ ਦੌਰਾਨ ਉਨ੍ਹਾਂ ਦੇ ਸਿਰ 'ਚ ਸੱਟ ਲੱਗੀ ਸੀ।

ਪੀਐੱਮ ਮੋਦੀ ਨੇ ਟਵੀਟ ਕਰਕੇ ਕਿਹਾ, 'ਪੂਣੇ 'ਚ ਮੇਰੀ ਮੁਲਾਕਾਤ ਸਾਬਕਾ ਕੇਂਦਰੀ ਮੰਤਰੀ ਅਰੁਣ ਸ਼ੋਰੀ ਜੀ ਨਾਲ ਹੋਈ। ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲਈ ਅਤੇ ਉਨ੍ਹਾਂ ਨਾਲ ਕਾਫੀ ਚੰਗੀ ਗੱਲਬਾਤ ਹੋਈ। ਅਸੀਂ ਉਨ੍ਹਾਂ ਦੇ ਲੰਮੇ ਅਤੇ ਤੰਦਰੁਸਤ ਜੀਵਨ ਲਈ ਪ੍ਰਾਰਥਨਾ ਕਰਦੇ ਹਾਂ।'

ਉਨ੍ਹਾਂ ਨੂੰ ਸ਼ੁਰੂ 'ਚ ਦੇਰ ਰਾਤ ਹਿੰਜਵੜੀ ਦੇ ਇਕ ਹਸਪਤਾਲ 'ਚ ਲਿਜਾਇਆ ਗਿਆ ਸੀ। ਬਾਅਦ 'ਚ ਉਨ੍ਹਾਂ ਨੂੰ ਰੂਬੀ ਹਾਲ ਕਲੀਨਿਕ 'ਚ ਦਾਖ਼ਲ ਕਰਵਾਇਆ ਗਿਆ। ਸ਼ੋਰੀ ਦਾ ਇਲਾਜ ਕਰ ਰਹੇ ਇਕ ਡਾਕਟਰ ਨੇ ਦੱਸਿਆ ਕਿ ਸਾਰੀ ਜ਼ਰੂਰੀ ਜਾਂਚ ਹੋ ਗਈ ਹੈ ਅਤੇ ਉਨ੍ਹਾਂ ਦੀ ਸਿਹਤ 'ਤੇ ਨਜ਼ਰ ਰੱਖੀ ਜਾ ਰਹੀ ਹੈ। ਉਹ ਹੋਸ਼ 'ਚ ਹਨ।


ਰੇਮੋਨ ਮੈਗਸੇਸੇ ਪੁਰਸਕਾਰ ਜੇਤੂ ਹਨ ਸ਼ੋਰੀ

ਸ਼ੋਰੀ ਇਕ ਲੇਖਕ ਅਤੇ ਰੇਮੋਨ ਮੈਗਸੇਸੇ ਪੁਰਸਕਾਰ ਜੇਤੂ ਹਨ। ਉਨ੍ਹਾਂ ਨੇ 1967-1978 ਦੌਰਾਨ ਵਿਸ਼ਵ ਬੈਂਕ ਨਾਲ ਇਕ ਅਰਥ-ਸ਼ਾਸਤਰੀ ਦੇ ਰੂਪ 'ਚ ਕੰਮ ਵੀ ਕੀਤਾ। ਸ਼ੋਰੀ ਨੇ ਪੱਤਰਕਾਰਿਤਾ 'ਚ ਆਪਣੇ ਦਹਾਕਿਆਂ ਲੰਮੇ ਕਰੀਅਰ ਦੌਰਾਨ 'ਦ ਇੰਡੀਅਨ ਐਕਸਪ੍ਰੈੱਸ' ਦੇ ਸੰਪਾਦਕ ਦਾ ਅਹੁਦਾ ਸੰਭਾਲਿਆ।


ਰਾਫੇਲ ਡੀਲ ਨੂੰ ਲੈ ਕੇ ਪਟੀਸ਼ਨ ਦਾਇਰ ਕਰਨ ਵਾਲਿਆਂ 'ਚ ਸ਼ੋਰੀ

ਦੱਸ ਦੇਈਏ ਕਿ ਰਾਫੇਲ ਡੀਲ 'ਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖ਼ਿਲਾਫ਼ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਨ ਵਾਲਿਆਂ 'ਚ ਸ਼ੋਰੀ ਵੀ ਸਨ। ਸ਼ੋਰੀ ਨੇ ਪ੍ਰਸ਼ਾਂਤ ਭੂਸ਼ਣ ਅਤੇ ਯਸ਼ਵੰਤ ਸਿਨਹਾ ਨਾਲ ਮਿਲ ਕੇ ਇਸ ਮਾਮਲੇ 'ਚ ਪਟੀਸ਼ਨ ਦਾਇਰ ਕੀਤੀ ਸੀ।

ਸੁਪਰੀਮ ਕੋਰਟ ਨੇ ਡੀਲ ਨੂੰ ਸਹੀ ਦੱਸਦੇ ਹੋਏ ਇਸ ਪਟੀਸ਼ਨ ਨੂੰ ਪਿਛਲੇ ਸਾਲ ਦਸੰਬਰ 'ਚ ਹੀ ਖ਼ਾਰਜ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮੁੜ-ਵਿਚਾਰ ਪਟੀਸ਼ਨ ਦਾਇਰ ਕੀਤੀ। ਇਸ ਸਾਲ ਨਵੰਬਰ 'ਚ ਮੁੜ-ਵਿਚਾਰ ਪਟੀਸ਼ਨ ਵੀ ਖ਼ਾਰਜ ਹੋ ਜਾਣ ਤੋਂ ਬਾਅਦ ਤਿੰਨਾਂ ਨੇ ਫ਼ੈਸਲਾ ਸੁਣਾਉਣ ਵਾਲੇ ਇਕ ਜੱਜ ਜਸਟਿਸ ਕੇਐੱਮ ਜੋਸੇਫ ਦੇ ਵੱਖ ਤੋਂ ਦਿੱਤੇ ਗਏ ਫ਼ੈਸਲੇ ਦਾ ਹਵਾਲਾ ਦਿੰਦੇ ਹੋਏ ਇਸ ਮਾਮਲੇ 'ਚ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ।

Posted By: Jagjit Singh