ਨਵੀਂ ਦਿੱਲੀ, ਏਐੱਨਆਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਾਨ ਦਾ ਦੌਰਾ ਕਰਨਗੇ। ਉਹ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਅੱਜ ਰਵਾਨਾ ਹੋਣਗੇ। ਪ੍ਰਧਾਨ ਮੰਤਰੀ ਬੁਡੋਕਾਨ ਵਿੱਚ ਇੱਕ ਰਾਜਕੀ ਅੰਤਿਮ ਸੰਸਕਾਰ ਸਮਾਰੋਹ ਵਿੱਚ ਸ਼ਾਮਲ ਹੋਣਗੇ, ਜਿਸ ਤੋਂ ਬਾਅਦ ਟੋਕੀਓ ਦੇ ਅਕਾਸਾਕਾ ਪੈਲੇਸ ਵਿੱਚ ਸੁਆਗਤੀ ਸਮਾਗਮ ਹੋਵੇਗਾ ।

ਸ਼ਿੰਜੋ ਆਬੇ ਦੀ ਪਤਨੀ ਨਾਲ ਕਰਨਗੇ ਮੁਲਾਕਾਤ

ਵਿਦੇਸ਼ ਸਕੱਤਰ ਨੇ ਦੱਸਿਆ ਕਿ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਜਾਪਾਨ ਦੇ ਪ੍ਰਧਾਨ ਮੰਤਰੀ ਕਿਸ਼ਿਦਾ ਅਤੇ ਸ਼ਿੰਜੋ ਆਬੇ ਦੀ ਪਤਨੀ ਨਾਲ ਵੀ ਮੁਲਾਕਾਤ ਕਰਨਗੇ। ਕਿਹਾ ਜਾ ਰਿਹਾ ਕਿ 20 ਤੋਂ ਵੱਧ ਰਾਜਾਂ ਅਤੇ ਸਰਕਾਰਾਂ ਦੇ ਮੁਖੀਆਂ ਸਮੇਤ 100 ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧਾਂ ਦੇ ਭਲਕੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।

ਪੀਐੱਮ ਮੋਦੀ ਆਬੇ ਨੂੰ ਮਹਾਨ ਚੈਂਪੀਅਨ ਮੰਨਦੇ ਹਨ

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਦੌਰਾ ਉਨ੍ਹਾਂ ਲਈ ਸਾਬਕਾ ਪ੍ਰਧਾਨ ਮੰਤਰੀ ਆਬੇ ਦੀ ਯਾਦ ਨੂੰ ਸ਼ਰਧਾਂਜਲੀ ਦੇਣ ਦਾ ਇੱਕ ਮੌਕਾ ਹੋਵੇਗਾ, ਜਿਨ੍ਹਾਂ ਨੂੰ ਉਹ ਭਾਰਤ-ਜਾਪਾਨ ਸਬੰਧਾਂ ਦਾ ਪਿਆਰਾ ਮਿੱਤਰ ਅਤੇ ਮਹਾਨ ਚੈਂਪੀਅਨ ਮੰਨਦੇ ਹਨ। ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਧਾਨ ਮੰਤਰੀ ਆਬੇ ਨੇ ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਆਪਣੀਆਂ ਕਈ ਗੱਲਬਾਤਾਂ ਰਾਹੀਂ ਵਿਸ਼ਵਾਸ ਅਤੇ ਦੋਸਤੀ ਦਾ ਇੱਕ ਨਿੱਜੀ ਬੰਧਨ ਵਿਕਸਿਤ ਕੀਤਾ ਸੀ।

ਆਬੇ ਦੀ ਹੱਤਿਆ 8 ਜੁਲਾਈ ਨੂੰ ਹੋਈ

ਜ਼ਿਕਰਯੋਗ ਹੈ ਕਿ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ 8 ਜੁਲਾਈ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਦੌਰਾਨ ਉਹ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਆਬੇ ਦੀ ਹੱਤਿਆ ਤੋਂ ਬਾਅਦ ਭਾਰਤ ਵਿੱਚ ਰਾਸ਼ਟਰੀ ਸੋਗ ਦਾ ਦਿਨ ਘੋਸ਼ਿਤ ਕੀਤਾ ਗਿਆ ਸੀ। ਉਨ੍ਹਾਂ ਦੀ ਮੌਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਪੀਐੱਮ ਮੋਦੀ ਨੇ ਕਿਹਾ ਕਿ ਆਬੇ ਦੀ ਮੌਤ ਨਾਲ ਜਾਪਾਨ ਅਤੇ ਦੁਨੀਆ ਨੇ ਇੱਕ ਮਹਾਨ ਦੂਰਅੰਦੇਸ਼ੀ ਨੇਤਾ ਨੂੰ ਗੁਆ ਦਿੱਤਾ ਹੈ ਅਤੇ ਮੈਂ ਇੱਕ ਪਿਆਰਾ ਦੋਸਤ ਗੁਆ ਦਿੱਤਾ ਹੈ। .

Posted By: Jaswinder Duhra