ਨਵੀਂ ਦਿੱਲੀ (ਪੀਟੀਆਈ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਨੀਦਰਲੈਂਡ ਦੇ ਰਾਜਾ ਵਿਲੀਅਮ ਅਲੈਗਜ਼ੈਂਡਰ ਅਤੇ ਰਾਣੀ ਮੈਕਸਿਮਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵੇਂ ਧਿਰਾਂ ਵਿਚਾਲੇ ਦੁਵੱਲੇ, ਸੱਭਿਆਚਾਰਕ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਬਣਾਉਣ 'ਤੇ ਗੱਲਬਾਤ ਹੋਈ।

ਸ਼ਾਹੀ ਜੋੜਾ ਮੰਤਰੀਆਂ, ਅਧਿਕਾਰੀਆਂ ਅਤੇ ਉੱਦਮੀਆਂ ਦੇ ਵੱਡੇ ਵਫ਼ਦ ਨਾਲ ਪੰਜ ਦਿਨਾਂ ਦੀ ਯਾਤਰਾ 'ਤੇ ਐਤਵਾਰ ਸ਼ਾਮ ਇੱਥੇ ਪਹੁੰਚਿਆ ਸੀ। 2013 ਵਿਚ ਗੱਦੀ ਸੰਭਾਲਣ ਤੋਂ ਬਾਅਦ ਰਾਜਾ ਅਲੈਗਜ਼ੈਂਡਰ ਦੀ ਇਹ ਪਹਿਲੀ ਭਾਰਤ ਯਾਤਰਾ ਹੈ।

ਬੈਠਕ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਸ਼ਾਹੀ ਜੋੜੇ ਨੇ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ ਅਤੇ ਦੋਵੇਂ ਦੇਸ਼ਾਂ ਵਿਚਾਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਵਾਲੇ ਖੇਤਰਾਂ 'ਤੇ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਦਿਨ ਵਿਚ ਰਾਸ਼ਟਰਪਤੀ ਭਵਨ ਵਿਚ ਸ਼ਾਹੀ ਜੋੜੇ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਰਾਜਾ ਅਤੇ ਰਾਣੀ ਮੁੰਬਈ ਅਤੇ ਕੋਚੀ ਵੀ ਜਾਣਗੇ।

ਪਿਛਲੇ ਪੰਜ ਸਾਲਾਂ ਦੌਰਾਨ ਭਾਰਤ ਅਤੇ ਨੀਦਰਲੈਂਡ ਦੇ ਸਬੰਧ ਹੋਰ ਮਜ਼ਬੂਤ ਹੋਏ ਹਨ। ਦੋਵੇਂ ਦੇਸ਼ਾਂ ਵਿਚਾਲੇ 2018-19 ਵਿਚ 12.87 ਅਰਬ ਡਾਲਰ (ਲਗਪਗ 90 ਹਜ਼ਾਰ ਕਰੋੜ ਰੁਪਏ) ਦਾ ਕਾਰੋਬਾਰ ਹੋਇਆ ਸੀ। ਨੀਦਰਲੈਂਡ ਭਾਰਤ ਵਿਚ ਪੰਜਵਾਂ ਸਭ ਤੋਂ ਵੱਡਾ ਨਿਵੇਸ਼ਕ ਵੀ ਹੈ। 2000-2017 ਦੌਰਾਨ ਉਸ ਨੇ ਲਗਪਗ 23 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। ਇਸ ਤੋਂ ਇਲਾਵਾ ਨੀਦਰਲੈਂਡ ਵਿਚ ਲਗਪਗ ਢਾਈ ਲੱਖ ਭਾਰਤੀ ਮੂਲ ਦੇ ਲੋਕ ਵੀ ਰਹਿੰਦੇ ਹਨ। ਸ਼ਾਹੀ ਜੋੜਾ ਮੰਗਲਵਾਰ ਨੂੰ 25ਵੇਂ ਤਕਨੀਕੀ ਸੰਮੇਲਨ ਦੇ ਉਦਘਾਟਨੀ ਸਮਾਗਮ ਵਿਚ ਵੀ ਸ਼ਿਰਕਤ ਕਰੇਗਾ। ਨੀਦਰਲੈਂਡ ਇਸ ਸੰਮੇਲਨ ਦਾ ਭਾਈਵਾਲ ਦੇਸ਼ ਹੈ। ਇਸ ਵਿਚ ਨੀਦਰਲੈਂਡ ਦੇ ਲਗਪਗ 140 ਸਨਅਤੀ ਘਰਾਣੇ ਹਿੱਸਾ ਲੈ ਰਹੇ ਹਨ।

ਸ਼ਾਹੀ ਜੋੜੇ ਦੀ ਮੌਜੂਦਗੀ ਵਿਚ ਲੋਟੁਸ਼ਰ ਪ੍ਰਾਜੈਕਟ ਦਾ ਦੂਜਾ ਪੜਾਅ ਸ਼ੁਰੂ

ਨੀਦਰਲੈਂਡ ਦੀ ਸਹਾਇਤਾ ਨਾਲ ਦਿੱਲੀ ਦੇ ਸਨ ਡਾਇਲ ਪਾਰਕ ਵਿਚ ਬਣੇ ਲੋਟੁਸ਼ਰ (ਲੋਕਲ ਟ੍ਰੀਟਮੈਂਟ ਆਫ ਅਰਬਨ ਸੀਵੇਜ ਸਟਰੀਮਸ ਫਾਰ ਹੈਲਦੀ ਰਿਊਜ) ਪ੍ਰਾਜੈਕਟ ਦੇ ਦੂਜੇ ਪੜਾਅ ਨੂੰ ਸ਼ਾਹੀ ਜੋੜੇ ਦੀ ਮੌਜੂਦਗੀ ਵਿਚ ਸ਼ੁਰੂ ਕੀਤਾ ਗਿਆ। ਇਸ ਪ੍ਰਾਜੈਕਟ ਤਹਿਤ ਬਾਰਾਪੁਲਾ ਨਾਲੇ ਦੇ ਪਾਣੀ ਦੇ ਯਮੁਨਾ ਵਿਚ ਡਿੱਗਣ ਤੋਂ ਪਹਿਲਾਂ ਸਾਫ਼ ਕਰਨ ਦਾ ਪਲਾਂਟ ਲਗਾਇਆ ਗਿਆ ਹੈ। 2017 ਵਿਚ ਇਸ ਪ੍ਰਾਜੈਕਟ ਦੀ ਸਥਾਪਨਾ ਕੀਤੀ ਗਈ ਸੀ।